ਸਿੱਖ ਧਾਰਮਿਕ ਚਿੰਨ੍ਹਾਂ ਦੇ ਟੈਟੂ ਬਣਵਾਉਣ ਨੂੰ ਲੈ ਕੇ ਜੱਥੇਦਾਰ ਹਰਪ੍ਰੀਤ ਸਿੰਘ ਵੱਲੋਂ ਵਿਸ਼ੇਸ਼ ਅਪੀਲ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਸਿੱਖ ਧਾਰਮਿਕ ਚਿੰਨ੍ਹਾਂ ਦੇ ਟੈਟੂ ਨਾ ਬਣਵਾਉਣ ਦੀ ਵਿਸ਼ੇਸ਼ ਅਪੀਲ ਕੀਤੀ ਹੈ। ਜੱਥੇਦਾਰ ਵੱਲੋਂ ਸੰਗਤ ਦੇ ਨਾਂ ‘ਤੇ ਇਕ ਹੁਕਮ ਜਾਰੀ ਕੀਤਾ ਗਿਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸਾਨੂੰ ਸਰੀਰ ‘ਤੇ ਸਿੱਖ ਧਾਰਮਿਕ ਚਿੰਨ੍ਹ ਨਹੀਂ ਬਣਵਾਉਣੇ ਚਾਹੀਦੇ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਗੁਰਬਾਣੀ ਦੀਆਂ ਪਾਵਨ ਤੁਕਾਂ, ਸਿੱਖ ਧਾਰਮਿਕ ਚਿੰਨ੍ਹਾਂ ਨੂੰ ਆਪਣੇ ਸਰੀਰ ‘ਤੇ ਖੁਣਵਾ ਕੇ ਟੈਟੂ ਉਕਰਵਾਉਣਾ ਗੁਰੂ ਮਰਿਆਦਾ ਦੇ ਅਨੁਸਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਕਾਰਨ ਜਾਣੇ-ਅਣਜਾਣੇ ‘ਚ ਬੇਅਦਬੀ ਦੇ ਨਾਲ-ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਲਈ ਸੰਗਤ ਧਾਰਮਿਕ ਚਿੰਨ੍ਹ ਜਾਂ ਪਾਵਨ ਗੁਰਬਾਣੀ ਦੀਆਂ ਪੰਕਤੀਆਂ ਨੂੰ ਆਪਣੇ ਸਰੀਰ ‘ਤੇ ਖੁਣਵਾਉਣ ਤੋਂ ਗੁਰੇਜ਼ ਕਰੇ।