ਛਿੰਦਵਾੜਾ- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵੱਲੋਂ ਹਨੂੰਮਾਨ ਜੀ ਦੀ ਤਸਵੀਰ ਵਾਲਾ ਕੇਕ ਕੱਟਣ ’ਤੇ ਸਿਆਸਤ ਗਰਮਾ ਗਈ ਹੈ। ਮੰਦਰ ਵਾਂਗ ਦਿੱਸਣ ਵਾਲਾ ਕੇਕ ਕੱਟਣ ਨੂੰ ਭਾਜਪਾ ਨੇ ਹਿੰਦੂ ਆਸਥਾ ਨਾਲ ਖਿਲਵਾੜ ਦੱਸਿਆ ਹੈ। ਇਸ ਦਾ ਵੀਡੀਓ ਵੀ ਸੋਸ਼ਲ ’ਤੇ ਵਾਇਰਲ ਹੋ ਰਿਹਾ ਹੈ। ਕਮਲਨਾਥ ਦੇ ਕੇਕ ਕੱਟਣ ਨੂੰ ਲੈ ਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕਾਂਗਰਸੀ ਬਗੁਲਾ ਭਗਤ ਹਨ। ਕਾਂਗਰਸੀਆਂ ਨੂੰ ਭਗਵਾਨ ਦੀ ਸ਼ਕਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਦੱਸ ਦੇਈਏ ਕਿ ਛਿੰਦਵਾੜਾ ਜ਼ਿਲ੍ਹੇ ਦੇ ਸ਼ਿਕਾਰਪੁਰ ’ਚ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਬੁੱਧਵਾਰ ਨੂੰ ਆਪਣੇ ਜਨਮ ਦਿਨ ਤੋਂ ਪਹਿਲਾਂ ਕੇਕ ਕੱਟਿਆ ਸੀ। ਕੇਕ ਮੰਦਰ ਵਾਂਗ ਬਣਾਇਆ ਗਿਆ ਸੀ ਅਤੇ ਉਸ ’ਤੇ ਹਨੂੰਮਾਨ ਜੀ ਦੀ ਤਸਵੀਰ ਅਤੇ ਝੰਡਾ ਲੱਗਿਆ ਸੀ। ਕੇਕ ਕੱਟਣ ਅਤੇ ਜਸ਼ਨ ਮਨਾਉਣ ਦਾ ਵੀਡੀਓ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਵਾਇਰਲ ਕਰ ਦਿੱਤਾ। ਉਨ੍ਹਾਂ ਇਸ ਦੇ ਨਾਲ ਹੀ ਕਮਲਨਾਥ ’ਤੇ ਹਿੰਦੂ ਆਸਥਾ ਨਾਲ ਖਿਲਵਾੜ ਕਰਨ ਦਾ ਗੰਭੀਰ ਇਲਜ਼ਾਮ ਲਾਇਆ।
ਭਾਜਪਾ ਨੇ ਕਿਹਾ ਕਿ ਇਹ ਘਟਨਾ ਨਿੰਦਾਯੋਗ ਅਤੇ ਦੁਖ਼ਦ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਮਲਨਾਥ ਦਾ ਜਨਮ ਦਿਨ ਅਜੇ ਨਹੀਂ ਹੈ ਪਰ ਨੌਟੰਕੀ ਕਰਦੇ ਹੋਏ 5 ਦਿਨ ਤੋਂ ਛਿੰਦਵਾੜਾ ’ਚ ਆਪਣਾ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕ ਦੱਸਦੇ ਹਨ ਕਿ ਇਹ ਅੰਡੇ ਦਾ ਕੇਕ ਸੀ।
ਕਿਸ ਤਰ੍ਹਾਂ ਦਾ ਸੀ ਕੇਕ
ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਸ ਮੁਤਾਬਕ ਕੇਕ ਚਾਰ ਹਿੱਸਿਆਂ ’ਚ ਬਣਿਆ ਹੈ। ਹੇਠਾਂ ਪਹਿਲੀ ਲੇਅਰ ’ਤੇ ਲਿਖਿਆ ਹੈ- ਅਸੀਂ ਛਿੰਦਵਾੜਾ ਵਾਲੇ, ਇਸ ਤੋਂ ਉੱਪਰ ਦੂਜੀ ਲੇਅਰ ’ਤੇ ਧਾਰਮਿਕ ਤੁੱਕ ਲਿਖੀ ਹੈ। ਤੀਜੇ ’ਤੇ ਕਮਲਨਾਥ ਜੀ ਅਤੇ ਚੌਥੀ ਲੇਅਰ ’ਤੇ ਜਨ ਨਾਇਕ ਲਿਖਿਆ ਹੈ। ਇਸ ਦੇ ਨਾਲ ਹੀ ਹਨੂੰਮਾਨ ਜੀ ਦੀ ਤਸਵੀਰ ਹੈ। ਕੇਕ ’ਤੇ ਮੰਦਰ ਵਾਂਗ ਸ਼ਿਖਰ ਹੈ, ਝੰਡਾ ਵੀ ਲੱਗਾ ਹੋਇਆ ਹੈ।