ਡਾ. ਦੇਵਿੰਦਰ ਮਹਿੰਦਰੂ
ਚੋਣਾਂ ਤੇ ਚੰਗਿਆਈਆਂ
ਹਿਮਾਚਲ ਪ੍ਰਦੇਸ਼ ‘ਚ ਵਿਧਾਨ ਸਭਾ ਚੋਣ ਲਈ ਲੋਕਾਂ ਨੇ ਆਪਣੇ ਵੋਟ ਪਾ ਕੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ ਜਿਸ ਦਾ ਪਤਾ ਅੱਠ ਦਿਸੰਬਰ ਨੂੰ ਲੱਗ ਜਾਵੇਗਾ। ਵੋਟਾਂ ਤੋਂ ਪਹਿਲਾਂ ਅੱਠ ਨਵੰਬਰ ਨੂੰ ਜਲੰਧਰ ਤੋਂ ਸ਼ਿਮਲਾ ਆਉਂਦੇ ਮੈਂ ਸੋਚਿਆ ਸੀ ਕਿ ਹਿਮਾਚਲ ‘ਚ ਖ਼ੂਬ ਰੌਲਾ ਗੌਲਾ ਹੋਵੇਗਾ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ। ਚਾਰ ਦਿਨ ਬਾਅਦ ਵੋਟਾਂ ਪੈਣੀਆਂ ਸਨ, ਪਰ ਮੰਨੋਗੇ ਕਿ ਪੂਰੇ ਰਸਤੇ ਇੱਕੋ ਗੱਡੀ ਹੀ ਮਿਲੀ, ਸਿਰਫ਼ ਕਿਸੇ ਪਾਰਟੀ ਦੀ, ਉਹ ਵੀ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਕੋਲ ਦੀ ਲੰਘ ਗਈ। ਐਨੀ ਸ਼ਾਂਤੀ ਕਿ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ।
ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕਾਂਗਰਸ ਨੇਤਾ ਪ੍ਰਿਯੰਕਾ ਵਾਡਰਾ ਦੀਆਂ ਰੈਲੀਆਂ ਦੀ ਕਵਰੇਜ ਦੇਖੀ ਸੀ ਜਿੰਨ੍ਹਾਂ ‘ਚ ਜਨਤਾ ਹੁੰਮ-ਹੁਮਾ ਕੇ ਆਈ ਹੋਈ ਸੀ ਅਤੇ ਸ਼ਾਂਤੀ ਨਾਲ ਬੈਠ ਕੇ ਨੇਤਾਵਾਂ ਨੂੰ ਸੁਣ ਰਹੀ ਸੀ। ਰਸਤੇ ‘ਚ ਆਉਂਦਿਆਂ ਮੈਨੂੰ 2012 ਦੀਆਂ ਚੋਣਾਂ ਦੀ ਇੱਕ ਗੱਲ ਯਾਦ ਆ ਗਈ। ਇਲੈਕਸ਼ਨ ਬਰੌਡਕਾਸਟ ‘ਚ ਪਾਰਟੀਆਂ ਦੇ ਪ੍ਰਸਾਰਣ ਲਈ ਇਲੈਕਸ਼ਨ ਕਮਿਸ਼ਨ ਵਕਤ ਨਿਰਧਾਰਿਤ ਕਰਦਾ ਹੈ। ਦੋ ਪੈਨਲ ਡਿਸਕਸ਼ਨਜ਼ ਵੀ ਪ੍ਰਸਾਰਿਤ ਕਰਨੀਆਂ ਹੁੰਦੀਆਂ ਨੇ ਰੇਡੀਓ ਅਤੇ ਟੈਲੀਵਿਯਨ ‘ਤੇ। ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਤਕ ਇਹ ਪ੍ਰਸਾਰਣ ਕਰਨੇ ਹੁੰਦੇ ਹਨ ਅਤੇ ਪਾਰਟੀਆਂ ਨੂੰ ਆਪਣਾ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ। ਮੈਂ ਇੱਕ ਪੈਨਲ ਡਿਸਕਸ਼ਨ ਦੀ ਰਿਕਾਰਡਿੰਗ ਕਰਨ ਜਾ ਰਹੀ ਸਾਂ ਕਿ ਸਟੂਡੀਓ ਵਿੱਚ ਸੁਸ਼ੀਲ ਜੀ ਆ ਗਏ। ਉਹ ਮੇਰੇ ਪਤੀ ਪ੍ਰਮੇਸ਼ਵਰ ਦੇ ਦੋਸਤ ਸਨ ਸੋ ਚਾਹ ਪਿਲਾਈ ਅਤੇ ਸਟੂਡੀਓ ਵੱਲ ਤੁਰ ਪਈ। ਉਹ ਜਾਣੇ ਮਾਣੇ ਪੱਤਰਕਾਰ ਹਨ, ਦੂਰਦਰਸ਼ਨ ਦੀ ਪੈਨਲ ਡਿਸਕਸ਼ਨ ਦਾ ਸੰਚਾਲਨ ਉਨ੍ਹਾਂ ਨੇ ਕਰਨਾ ਸੀ। ਇਹ ਸਾਰੀਆਂ ਰਿਕਾਰਡਿੰਗਜ਼ ਇਸ ਤਰ੍ਹਾਂ ਕੀਤੀਆਂ ਜਾਂਦੀਆਂ ਸਨ ਕਿ ਗੁਪ-ਚੁੱਪ, ਪ੍ਰਸਾਰਣ ਤੋਂ ਪਹਿਲਾਂ ਕਿਸੇ ਨੂੰ ਪਤਾ ਨਾ ਲੱਗੇ ਕਿ ਕਿਹੜੀ ਪਾਰਟੀ ਨੇ ਕੀ ਕੀ ਬੋਲਿਆ ਹੈ। ਸੁਸ਼ੀਲ ਜੀ ਮੇਰੇ ਨਾਲ ਤੁਰਦੇ ਤੁਰਦੇ ਸਟੂਡੀਓ ਤਕ ਆ ਗਏ ।
”ਤੁਸੀਂ ਮੇਰੇ ਕਮਰੇ ‘ਚ ਬੈਠੋ ਜਾ ਕੇ ਮੈਂ ਬੱਸ ਰਿਕਾਰਡਿੰਗ ਕਰ ਕੇ ਆਈ,” ਮੈਂ ਕਿਹਾ।
”ਪਰ ਮੈਂ ਤਾਂ ਆਇਆ ਹੀ ਰਿਕਾਰਡਿੰਗ ਸੁਨਣ ਹਾਂ,” ਉਹ ਬੋਲੇ।
ਮੈਂ ਆਖਿਆ, ”ਨਹੀਂ ਇਹ ਠੀਕ ਨਹੀਂ ਹੋਵੇਗਾ, ਤੁਸੀਂ ਚੱਲੋ।”
ਉਨ੍ਹਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਮੈਂ ਉਨ੍ਹਾਂ ਨੂੰ ਉਥੋਂ ਜਾਣ ਲਈ ਵੀ ਕਹਿ ਸਕਦੀ ਹਾਂ। ਉਹ ਸਿੱਧੇ ਦੂਰਦਰਸ਼ਨ ਮੇਰੇ ਪਤੀ ਕੋਲ ਚਲੇ ਗਏ, ”ਯਾਰ ਤੇਰੀ ਬੀਵੀ ਨੇ ਮੈਨੂੰ ਸਟੂਡੀਓ ‘ਚੋਂ ਬਾਹਰ ਜਾਣ ਲਈ ਕਹਿ ਦਿੱਤਾ।”
”ਸ਼ੁਕਰ ਕਰ ਰੇਡੀਓ ਦੇ ਗੇਟ ਤੋਂ ਬਾਹਰ ਜਾਣ ਲਈ ਨਹੀਂ ਕਿਹਾ ਤੈਨੂੰ। ਕੀ ਲੋੜ ਸੀ ਉੱਥੇ ਜਾਣ ਦੀ? ਮੈਨੂੰ ਤਾਂ ਪੁੱਛ ਲੈਣਾ ਸੀ ਜਾਣ ਤੋਂ ਪਹਿਲਾਂ ਤੂੰ। ਮੈਂ ਜਾਣ ਹੀ ਨਹੀਂ ਸੀ ਦੇਣਾ ਤੈਨੂੰ ਮਿੱਤਰਾ।” ਉਨ੍ਹਾਂ ਨੇ ਗੱਲ ਹਾਸੇ ‘ਚ ਟਾਲਣ ਦੀ ਕੋਸ਼ਿਸ਼ ਕਰਦਿਆਂ ਸ਼ੁਸ਼ੀਲ ਜੀ ਨੂੰ ਕਿਹਾ। ਸੁਸ਼ੀਲ ਜੀ ਨੂੰ ਲੱਗਿਆ ਕਿ ਬੰਦਾ ਤਾਂ ਪਹਿਲਾਂ ਹੀ ਪਰੇਸ਼ਾਨ ਹੈ, ਇਹਨੂੰ ਹੋਰ ਕੀ ਛੇੜਨਾ ਹੈ, ਉਹ ਵੀ ਹੱਸ ਪਏ।
ਧਰਮਸ਼ਾਲਾ ਦਾ FM ਸਟੇਸ਼ਨ ਨਵਾਂ ਨਵਾਂ ਖੁੱਲ੍ਹਿਆ ਸੀ। ਅਜੇ ਸਟੇਸ਼ਨ ਕੋਲ ਗੱਡੀ ਵੀ ਨਹੀਂ ਸੀ ਕੋਈ ਆਈ। ਬੈਠਣ ਲਈ ਕੁਰਸੀਆਂ ਆ ਗਈਆਂ ਸਨ, ਨਹੀਂ ਤਾਂ ਪਹਿਲਾਂ ਤਾਂ ਅਸੀਂ ਬੈਠਦੇ ਵੀ ਗਰਾਮੋਫ਼ੋਨ ਰਿਕਾਰਡ ਵਾਲੀਆਂ ਪੇਟੀਆਂ ਉਤੇ ਸੀ। ਇੱਕ ਦਿਨ ਇੱਕ ਰੈਜਿਸਟਰੀ ਭੇਜਣੀ ਸੀ ਦਿੱਲੀ ਦਫ਼ਤਰ ਨੂੰ। ਸਾਰੇ ਹੀ ਕਿਸੇ ਨਾ ਕਿਸੇ ਕੰਮ ‘ਚ ਰੁੱਝੇ ਹੋਏ ਸਨ। ਸੋਚਿਆ ਆਪ ਹੀ ਪੈਦਲ ਜਾ ਕੇ ਕਰਾ ਆਉਂਦੀ ਹਾਂ ਰੈਜਿਸਟਰੀ, ਪਰ ਪੋਸਟ ਆਫ਼ਿਸ ਪਹੁੰਚਦੇ ਪਹੁੰਚਦੇ ਥੋੜ੍ਹੀ ਦੇਰ ਹੋ ਗਈ। ਰੈਜਿਸਟਰੀ ਕਰਨ ਵਾਲੇ ਸਾਹਿਬ ਸੀਟ ਤੋਂ ਉੱਠਣ ਹੀ ਲੱਗੇ ਸਨ ਜਦੋਂ ਮੈਂ ਜਾ ਕੇ ਬੇਨਤੀ ਕੀਤੀ ਕਿ ਪਲੀਜ਼ ਇਹ ਰੈਜਿਸਟਰੀ ਕਰ ਦੇਵੋ ਪਹਿਲਾਂ। ਉਨ੍ਹਾਂ ਬੜੇ ਸਟਾਈਲ ਨਾਲ ਘੜੀ ਵੱਲ ਇਸ਼ਾਰਾ ਕੀਤਾ, ”ਲੰਚ ਟਾਈਮ,” ਫ਼ੇਰ ਰੁਕ ਕੇ ਬੋਲੇ, ”ਆਪ ਨਹੀਂ ਕਰਤੀਂ ਲੰਚ?”
ਮੈਂ ਚੁੱਪਚਾਪ ਜਾਕੇ ਬੈਂਚ ਉਤੇ ਬੈਠ ਗਈ। ਕੋਈ ਜਵਾਬ ਨਹੀਂ ਦਿੱਤਾ।
ਉਹ ਲੰਚ ਕਰ ਕੇ ਆਏ ਆਰਾਮ ਨਾਲ। ਰੈਜਿਸਟਰੀ ਕਰਵਾ ਕੇ ਆ ਗਈ ਮੈਂ ਵੀ ਦਫ਼ਤਰ। ਕੁਝ ਮਹੀਨਿਆਂ ਬਾਅਦ ਆਪਣੀ ਸੀਟ ‘ਤੇ ਬੈਠੀ ਕੁਝ ਕੰਮ ਕਰ ਰਹੀ ਸਾਂ, ਕਿਸੇ ਨੇ ਦਰਵਾਜ਼ਾ ਥਪਥਪਾ ਕੇ ਕਿਹਾ, ”ਮੇਅ ਆਈ ਕਮ ਇਨ ਮੈਡਮ?” ”ਹਾਂ ਜੀ ਆਉ, ਬੈਠੋ,” ਮੈਂ ਆਖਿਆ। ਮੈਂ ਆਪਣੇ ਹੀ ਧਿਆਨ ‘ਚ ਸੀ ਕਿ ਉਹ ਖੜ੍ਹੇ ਰਹੇ। ਮੈਂ ਧਿਆਨ ਨਾਲ ਆਉਣ ਵਾਲੇ ਦੇ ਚਿਹਰੇ ਵੱਲ ਦੇਖਿਆ ਅਤੇ ਪਛਾਣਿਆ, ਦੋਬਾਰਾ ਬੈਠਣ ਲਈ ਕਿਹਾ। ਉਹ ਤਾਂ ਪਹਿਲਾਂ ਹੀ ਪਛਾਣ ਚੁੱਕੇ ਸਨ।
ਉਹ ਰੇਡੀਓ ‘ਤੇ ਗਾਉਣ ਲਈ ਔਡੀਸ਼ਨ ਦੇਣਾ ਚਾਹੁੰਦੇ ਸਨ ਅ ਤੇ ਫ਼ਾਰਮ ਭਰਕੇ ਲਿਆਏ ਸਨ। ਖੜੇ ਖੜੇ ਬੋਲੇ, ”ਸੌਰੀ।” ਉਨ੍ਹਾਂ ਨੂੰ ਟੈੱਸਟ ਦਾ ਦਿਨ ਦੱਸ ਕੇ ਮੈਂ ਫ਼ਾਰਮ ਲੈ ਲਿਆ। ਅੱਛਾ ਗਾਉਂਦੇ ਸਨ। ਪਾਸ ਹੋ ਗਏ। ਕਿੰਨੀ ਹੀ ਵਾਰ ਰਿਕਾਰਡਿੰਗ ਕਰਵਾਉਣ ਲਈ ਆਏ। ਬਾਅਦ ‘ਚ ਜਦੋਂ ਸ਼ਿਮਲੇ ਰੇਡੀਓ ‘ਚ ਸਾਂ ਤਾਂ ਉਥੇ ਵੀ ਆਏ ਔਡੀਸ਼ਨ ਦੇਣ ਅਤੇ ਫ਼ਿਰ ਪ੍ਰੋਗਰਾਮ ਦੇਣ ਵੀ ਆਉਂਦੇ ਰਹੇ। ਪਰ ਹਮੇਸ਼ਾ ਉਨ੍ਹਾਂ ਆ ਕੇ ਮੈਨੂੰ ਸੌਰੀ ਜ਼ਰੂਰ ਕਿਹਾ ਕਰਨ, ਉਸ ਲੰਚ ਟਾਈਮ ਵਾਲੀ ਗੱਲ ‘ਤੇ।
ਹਜ਼ਾਰਾ ਸਿੰਘ ਜੀ ਐਕਾਊਂਟੈਂਟ ਸਨ ਜਲੰਧਰ ਰੇਡੀਓ ਵਿੱਚ। ਲੇਖਾ ਸ਼ਾਖਾ ‘ਚ ਕੋਈ ਕੰਮ ਸੀ ਇੱਕ ਦਿਨ, ਨਹੀਂ ਹੋਣਾ ਉਨ੍ਹਾਂ ਦਾ ਮਨ ਠੀਕ ਉਸ ਦਿਨ, ਔਖੇ ਜਿਹੇ ਬੋਲੇ ਮੈਨੂੰ। ਦੋ ਤਿੰਨ ਦਿਨ ਬਾਅਦ ਕਿਤਾਬਾਂ ਚਾਹੀਦੀਆਂ ਸਨ ਕੁਝ ਉਨ੍ਹਾਂ ਨੂੰ। ਨਹੀਂ ਸਨ ਲੱਭ ਰਹੀਆਂ। ਅਤੇ ਮੈਂ ਹਥਲਾ ਕੰਮ ਛੱਡ ਕੇ ਲੱਭ ਦਿੱਤੀਆਂ ਕਿਤਾਬਾਂ। ਜੋ ਨਹੀਂ ਸਨ ਲਾਇਬ੍ਰੇਰੀ ‘ਚ, ਉਹ ਬਜ਼ਾਰੋਂ ਮੰਗਵਾ ਦਿੱਤੀਆਂ। ਪਤਾ ਨਹੀਂ ਕੀ ਹੁੰਦਾ ਹੈ, ਮੈਨੂੰ ਕਦੇ ਕਦੇ ਕਿਸੇ ਦਾ ਵਿਵਹਾਰ ਬੁਰਾ ਲੱਗੇ, ਚੋਟ ਜਿਹੀ ਲੱਗ ਜਾਵੇ, ਦਿਲ ਕਰਦਾ ਹੈ ਉਸ ਬੰਦੇ ਨਾਲ ਇੰਨਾ ਅੱਛਾ ਵਿਹਾਰ ਕਰਾਂ ਕਿ ਉਹ ਰੁਕ ਕੇ ਸੋਚੇ ਕਿ ਉਹ ਕਿੱਥੇ ਗ਼ਲਤ ਸੀ? ਇਹ ਗੱਲ ਅਲੱਗ ਹੈ ਕਿ ਕੁਝ ਲੋਕ ਤੁਹਾਨੂੰ ਕਮਜ਼ੋਰ ਅਤੇ ਵਿਚਾਰਾ ਸਮਝਣ ਲੱਗ ਜਾਂਦੇ ਹਨ।
ਜ਼ਿੰਦਗੀ ਤਾਂ ਹੈ ਹੀ ਇੱਕ ਆਸ਼ਰਮ। ਜਿੰਦਗੀ ਸਿਖਾਉਂਦੀ ਹੀ ਰਹਿੰਦੀ ਹੈ, ਕਦੇ ਪਿਆਰ ਦੁਲਾਰ ਨਾਲ, ਕਦੇ ਘੂਰ ਘੱਪ ਕੇ। ਸ਼ਿਮਲੇ ਰੇਡੀਓ ਤੋਂ ਆਉਣ ਤੋਂ ਬਾਅਦ ਪਹਿਲਾ ਲਵੀ ਮੇਲਾ 11 ਤੋਂ 14 ਨਵੰਬਰ 1996 ਦਾ ਆਇਆ। ਆਪਣੀ ਡਿਊਟੀ ਲਗਵਾਈ ਕਵਰੇਜ ਲਈ। ਵੈਸੇ ਤਾਂ ਇਹ ਵਪਾਰਕ ਮੇਲਾ ਸਾਰਾ ਨਵੰਬਰ ਮਹੀਨਾ ਹੀ ਚੱਲਦਾ ਰਹਿੰਦਾ ਸੀ, ਪਰ ਇਹ ਚਾਰ ਦਿਨ ਖਾਸ ਹੁੰਦੇ ਸਨ। ਇੱਕ ਸੌ ਵੀਹ ਕਿੱਲੋਮੀਟਰ ਹੈ ਸ਼ਿਮਲੇ ਤੋਂ ਰਾਮਪੁਰ ਜਿੱਥੇ ਇਸ ਅੰਤਰਰਾਸ਼ਟਰੀ ਮੇਲੇ ਦਾ ਆਯੋਜਨ ਹੁੰਦਾ ਸੀ। ਵਾਪਸੀ ‘ਚ ਗੱਡੀ ‘ਚ ਬੈਠੀ ਨੇ ਸੋਚਿਆ ਕਿ ਜੇ ਕਵਰੇਜ ਦੀ ਰਿਪੋਰਟ ਲਿਖ ਲਵਾਂ, ਗੱਡੀ ‘ਚ ਬੈਠੇ ਬੈਠੇ ਜਾਂ ਕਿਤੇ ਰੁਕ ਕੇ, ਕਿਸੇ ਟੈਲੀਫ਼ੋਨ ਤੋਂ ਭੇਜ ਦੇਵਾਂ ਸ਼ਿਮਲਾ ਰੇਡੀਓ ਨੂੰ ਤਾਂ ਕਿ ਇਹ ਅੱਜ ਹੀ ਪ੍ਰਸਾਰਿਤ ਹੋ ਜਾਵੇ। ਰਿਪੋਰਟ ਲਿਖ ਕੇ ਟੈਲੀਫ਼ੋਨ ਬੂਥ ਲੱਭਣਾ ਸ਼ੁਰੂ ਕੀਤਾ, ਨਹੀਂ ਨਜ਼ਰ ਆਇਆ। ਮਤਿਆਣਾ ਆ ਕੇ ਇੱਕ ਬੈਂਕ ‘ਤੇ ਨਜ਼ਰ ਪੈ ਗਈ। ਸੋਚਿਆ ਕਿ ਕਹਿ ਕੇ ਦੇਖ ਲੈਂਦੀ ਹਾਂ ਜੇ ਟੈਲੀਫ਼ੋਨ ਵਰਤਣ ਦੀ ਇਜਾਜ਼ਤ ਦੇ ਦੇਣ। ਮੋਬਾਈਲ ਤਾਂ ਬਹੁਤ ਬਾਅਦ ‘ਚ ਆਏ ਸਨ। ਬੈਂਕ ਜਾ ਕੇ ਮੈਨੇਜਰ ਸਾਹਿਬ ਨੂੰ ਆਪਣੀ ਸਮੱਸਿਆ ਦੱਸੀ। ”ਹਾਂ ਜੀ, ਕਿਉਂ ਨਹੀਂ, ਭੇਜੋ ਤੁਸੀਂ ਰਿਪੋਰਟ, ਅੱਛਾ ਕੰਮ ਕਰ ਰਹੇ ਹੋ।”
ਚਾਹ ਵੀ ਪਿਲਾਈ। ਬਾਅਦ ‘ਚ ਇੱਕ ਵਾਰ ਉਨ੍ਹਾਂ ਨੂੰ ਸ਼ਿਮਲਾ ਰੇਡੀਓ ਬੁਲਾ ਕੇ ਆਮ ਲੋਕਾਂ ਵਾਸਤੇ ਬੈਂਕ ਦੀਆਂ ਕਲਿਆਣਕਾਰੀ ਸਕੀਮਾਂ ਦੀ ਜਾਣਕਾਰੀ ਬਾਰੇ ਰਿਕਾਰਡ ਕੀਤਾ। ਦੂਸਰੇ ਦਿਨ ਦਫ਼ਤਰ ‘ਚ ਵੀ ਇਸ ਰਿਪੋਰਟ ਦੀ ਚਰਚਾ ਹੋਈ। ਚੰਗਾ ਲੱਗਿਆ। ਵਿਸਤ੍ਰਿਤ ਰਿਪੋਰਟ ਦਾ ਪ੍ਰਸਾਰਣ ਤਾਂ ਦੂਜੇ ਦਿਨ ਹੋਇਆ ਹੀ ਹੋਇਆ ਜਿਸ ‘ਚ ਚੌਹਾਂ ਦਿਨਾਂ ਦੇ ਰੰਗਾਂ ਰੰਗ ਪ੍ਰੋਗਰਾਮਾਂ ਦੀਆਂ ਝਲਕੀਆਂ ਤੇ ਕੁਝ ਲੋਕਾਂ ਨਾਲ ਮੁਲਾਕਾਤਾਂ ਵੀ ਸ਼ਾਮਲ ਸਨ। ਹੁਣ ਇਸ ਵੇਲੇ ਵੀ ਚੱਲ ਰਿਹਾ ਹੈ ਮੇਲਾ। ਇਸ ਬਾਰੇ ਸੋਚ ਰਹੀ ਸਾਂ ਅਤੇ ਇਹ ਗੱਲ ਯਾਦ ਆ ਗਈ ਹੈ। ਜਨਤਕ ਸੇਵਾ ਪ੍ਰਸਾਰਣ ‘ਚ ਕਦੇ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਤੁਸੀਂ ਆਮ ਜਨਤਾ ਦੀ ਭਲਾਈ ਲਈ ਕਿਸੇ ਸਕੀਮ ਦਾ ਪ੍ਰਸਾਰਣ ਕਰ ਦਿੰਦੇ ਹੋ, ਪਰ ਬਾਅਦ ‘ਚ ਪਤਾ ਲੱਗਦਾ ਹੈ ਕਿ ਕੁਝ ਲੋਕ ਉਹਦੇ ਵਿੱਚੋਂ ਆਪਣਾ ਫ਼ਾਇਦਾ ਉਠਾ ਗਏ। ਨੁਕਸਾਨ ਵੀ ਝੱਲਣਾ ਪੈਂਦਾ ਹੈ ਕਦੇ ਕਦੇ। ਇਹ ਜ਼ਿੰਦਗੀ ਦੇ ਆਪਣੇ ਆਪਣੇ ਤਰੀਕੇ ਹਨ ਸਿੱਖਣ ਅਤੇ ਸਿਖਾਉਣ ਦੇ। ਕੁਠਾਲੀ ਪੈ ਕੇ ਹੀ ਸੋਨਾ ਕੁੰਦਨ ਦਾ ਰੂਪ ਧਾਰਦਾ ਹੈ, ਪਾਠਕੋ!