ਭਾਣੇ ਦੇ ਵਿੱਚ ਸੂਰਜ, ਚੰਦਾ,
ਭਾਣੇ ਦੇ ਵਿੱਚ ਤਾਰੇ।
ਓ ਬੰਦਿਆ ਭੁੱਲ ਗਿਉਂ ਤੂੰ …
ਮੌਲਾ ਦੇ ਖੇਡ ਨਿਆਰੇ।
ਹਰ ਵੇਲੇ ਕਰੇਂ ਮੇਰੀ-ਮੇਰੀ,
ਉਹਦੇ ਹੱਥ ‘ਚ ਕਿਸਮਤ ਤੇਰੀ।
ਆਖ਼ਿਰ ਹੋਣਾ ਮਿੱਟੀ ਢੇਰੀ,
ਕੰਮ ‘ਨੀ ਆਉਣੀ ਹਿਕਮਤ ਤੇਰੀ।
ਤੁਰ ਜਾਣਗੇ ਛੱਡ ਕੇ ਸਾਰੇ,
ਲੱਭਣੇ ਨਾ ਉਹ ਕਦੇ ਦੁਬਾਰੇ।
ਓ ਬੰਦਿਆ ਭੁੱਲ ਗਿਉਂ ਤੂੰ …
ਮੌਲਾ ਦੇ ਖੇਡ ਨਿਆਰੇ।
ਰਾਜੇ ਨੂੰ ਤੂੰ ਰੰਕ ਬਣਾਵੇਂ,
ਦਰ ਦਰ ਦੀ ਕਦੇ ਭੀਖ ਮੰਗਾਵੇਂ।
ਹੁੰਦਾ ਓਹੀ ਜੋ ਤੂੰ ਚਾਹੇਂ,
ਕਿੰਨਾ ਵੀ ਕੋਈ ਜ਼ੋਰ ਲਗਾਵੇ।
ਫ਼ਿਰਦੇ ਪਤਾ ‘ਨੀ ਕਿਉਂ ਹੰਕਾਰੇ,
ਮਾਰਦੇ ਫ਼ਿਰਨ ਫ਼ੁੰਕਾਰੇ।
ਓ ਬੰਦਿਆ ਭੁੱਲ ਗਿਉਂ ਤੂੰ …
ਮੌਲਾ ਦੇ ਖੇਡ ਨਿਆਰੇ।
ਭਾਣੇ ਵਿੱਚ ਹੀ ਰਹਿਣਾ ਸਿੱਖੀਏ,
ਤੇ ਭਾਣੇ ਵਿੱਚ ਜੀਣਾ,
ਦੁੱਖਾਂ ਵਿੱਚ ਰਹਿਣਾ ਸਿੱਖੀਏ,
ਕਿਵੇਂ ਗ਼ਮਾਂ ਨੂੰ ਪੀਣਾ।
ਕੁਦਰਤ ਕਰਦੀ ਰਹੇ ਇਸ਼ਾਰੇ,
ਮੌਤ ਅਸਾਂ ਨੂੰ ਵਾਜਾਂ ਮਾਰੇ।
ਓ ਬੰਦਿਆ ਭੁੱਲ ਗਿਉਂ ਤੂੰ …
ਮੌਲਾ ਦੇ ਖੇਡ ਨਿਆਰੇ।
ਜ਼ਿੰਦਗਾਨੀ ਏ ਚਾਰ ਦਿਹਾੜੇ,
ਭੋਗ ਕੇ ਤੁਰ ਜਾਣਾ।
ਕਰ ਨਾ ਬੰਦਿਆ ਕੰਮ ਤੂੰ ਮਾੜੇ,
ਜੇ ਬੇਗਮਪੁਰ ਜਾਣਾ।
ਉਹ ਆਪੇ ਤੇਰੇ ਕਾਜ਼ ਸਵਾਰੇ,
ਖੋਲ੍ਹ ਕੇ ਬੈਠਾ ਦੁਆਰੇ।
ਓ ਬੰਦਿਆ ਭੁੱਲ ਗਿਉਂ ਤੂੰ …
ਮੌਲਾ ਦੇ ਖੇਡ ਨਿਆਰੇ।
ਇਹ ਪੱਕਾ ਨਾ ਰੈਣ ਬਸੇਰਾ,
ਪਾਈਏ ਵਾਂਙ ਮੁਸਾਫ਼ਿਰ ਫ਼ੇਰਾ।
ਨਾ ਕੁਝ ਤੇਰਾ ਨਾਹੀਂ ਮੇਰਾ,
ਪਾਇਆ ਰੋਜ਼ ਬਿਖੇੜਾ।
ਕਿੰਨੇ ਹੀ ਸੁੱਖ ਲੋਕ ਵਿਚਾਰੇ,
ਘੁੰਮਣ ਜਿਉਂ ਦੁਖਿਆਰੇ।
ਓ ਬੰਦਿਆ ਭੁੱਲ ਗਿਉਂ ਤੂੰ…
ਮੌਲਾ ਦੇ ਖੇਡ ਨਿਆਰੇ।
ਭਾਣੇ ਦੇ ਵਿੱਚ ਸੂਰਜ, ਚੰਦਾ,
ਭਾਣੇ ਦੇ ਵਿੱਚ ਤਾਰੇ।
ਓ ਬੰਦਿਆ ਭੁੱਲ ਗਿਉਂ ਤੂੰ …
ਮੌਲਾ ਦੇ ਖੇਡ ਨਿਆਰੇ।