ਬੱਚਿਆਂ ਨੂੰ ਜਿਗਸਾਅ ਬੁਝਾਰਤਾਂ ਬਹੁਤ ਪਸੰਦ ਹੁੰਦੀਆਂ ਨੇ। ਓਹੀ ਜਿਨ੍ਹਾਂ ‘ਚ ਉਨ੍ਹਾਂ ਨੇ ਕੁਝ ਟੁਕੜਿਆਂ ਨੂੰ ਜੋੜ ਕੇ ਉਨ੍ਹਾਂ ਪਿੱਛੇ ਛੁਪੇ ਚਿੱਤਰ, ਚਿਹਰੇ ਜਾਂ ਵਸਤੂ ਨੂੰ ਸਿਆਣਨਾ ਹੁੰਦੈ। ਕਲਪਨਾ ਕਰੋ ਕਿ ਤੁਸੀਂ ਵੀ ਕੋਈ ਅਜਿਹੀ ਜਿਗਸਾਅ ਪਜ਼ਲ ਹੱਲ ਕਰ ਰਹੇ ਹੋ। ਕਈ ਘੰਟੇ ਦੀ ਮਗ਼ਜ਼ਪੱਚੀ ਕਰ ਕੇ, ਟੁਕੜੇ ਜੋੜਨ ਮਗਰੋਂ, ਤੁਹਾਨੂੰ ਪਤਾ ਚੱਲਦੈ ਕਿ ਉਨ੍ਹਾਂ ‘ਚੋਂ ਇੱਕ ਮਹੱਤਵਪੂਰਨ ਪੀਸ ਨਦਾਰਦ ਹੈ। ਉਹ ਪੀਸ ਡੱਬੇ ‘ਚ ਵੀ ਨਹੀਂ। ਕੀ ਉਹ ਤੁਹਾਡੇ ਤੋਂ ਕਿਤੇ ਗੁਆਚ ਗਿਐ, ਜਾਂ ਫ਼ਿਰ ਉਹ ਉਸ ਡੱਬੇ ‘ਚ ਕਦੇ ਹੈ ਹੀ ਨਹੀਂ ਸੀ? ਕਿੰਨਾ ਟਾਈਮ ਵੇਸਟ ਕਰਨ ਵਾਲੀ ਗੱਲ ਹੈ ਨਾ ਇਹ? ਹੁਣ ਤਾਂ ਉਸ ਸਾਰੀ ਕਸਰਤ ਦਾ ਹੀ ਕੋਈ ਮਕਸਦ ਨਹੀਂ ਰਹਿ ਜਾਂਦਾ! ਉਸ ਗੁਆਚੇ ਹੋਏ ਪੀਸ, ਉਸ ਮਿਸਿੰਗ ਲਿੰਕ ਲਈ ਤੁਹਾਡੀ ਸਾਰੀ ਭਾਲ ਹਾਲੇ ਤਕ ਕੋਈ ਵੀ ਫ਼ਲਦਾਇਕ ਨਤੀਜੇ ਪੈਦਾ ਨਹੀਂ ਕਰ ਸਕੀ। ਤੁਸੀਂ ਉਸ ਪਹੇਲੀ ਨੂੰ ਸੁਲਝਾਉਣ ਲਈ ਆਪਣੀ ਸੋਚ ਮੁਤਾਬਿਕ ਹਰ ਸੰਭਵ ਕੋਸ਼ਿਸ਼ ਕਰ ਕੇ ਦੇਖ ਲਈ ਹੈ। ਸੋ ਹੁਣ, ਚਲਾਕ ਬਣਨ ਦੀ ਕੋਸ਼ਿਸ਼ ਛੱਡੋ ਅਤੇ ਆਪਣੇ ਦਿਲ ਦੀ ਗੱਲ ਸੁਣੋ। ਜਿਹੜੀ ਸ਼ੈਅ ਤੁਹਾਨੂੰ ਦਰਕਾਰ ਹੈ, ਉਹ ਸੰਜੋਗਵਸ ਵੀ ਮਿਲ ਸਕਦੀ ਹੈ।

ਇਹ ਬਹੁਤ ਮੁਸ਼ਕਿਲ ਵਕਤ ਹਨ। ਇਹ ਵਕਤ, ਪਰ, ਸ਼ਾਨਦਾਰ ਵੀ ਹਨ। ਆਰਥਿਕ ਕਟੌਤੀਆਂ, ਵਿਸ਼ਵ ਭਰ ‘ਚ, ਲੱਖਾਂ-ਕਰੋੜਾਂ ਲੋਕਾਂ ਨੂੰ ਪੈਸੇ ਨਾਲ ਆਪਣੇ ਰਿਸ਼ਤੇ ਬਾਰੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਰਹੀਆਂ ਨੇ। ਅਮੀਰ ਹੁਣ ਬਹੁਤਾ ਅਮੀਰ ਮਹਿਸੂਸ ਨਹੀਂ ਕਰ ਰਹੇ। ਅਤੇ ਗ਼ਰੀਬ? ਉਨ੍ਹਾਂ ਨੂੰ ਤਾਂ ਉਹ ਪਹਿਲਾਂ ਹੀ ਪਤੈ ਜੋ ਅਮੀਰਾਂ ਨੂੰ ਹੁਣ ਪਤਾ ਲੱਗ ਰਿਹਾ ਹੈ। ਪੈਸਾ ਸਭ ਕੁਝ ਨਹੀਂ ਹੁੰਦਾ ਅਤੇ ਸਭ ਕੁਝ ਦਾ ਅੰਤ ਵੀ ਨਹੀਂ ਉਹ। ਪਿਆਰ ਦਾ ਮਹੱਤਵ ਵਧੇਰੇ ਹੈ। ਰਹਿਮਦਿਲੀ ਅਤੇ ਇੱਜ਼ਤ ਵੀ ਵੱਧ ਮਹੱਤਵਪੂਰਨ ਨੇ। ਸਾਰੇ ਸੰਸਾਰ ਦਾ ਪੈਸਾ ਵੀ ਉਸ ਨੂੰ ਖ਼ਰੀਦ ਨਹੀਂ ਸਕਦਾ ਜੋ ਤੁਹਾਨੂੰ ਇਸ ਵਕਤ ਸਭ ਤੋਂ ਵੱਧ ਚਾਹੀਦੈ। ਫ਼ਿਰ ਵੀ ਤੁਹਾਨੂੰ ਉਹ ਮਿਲ ਸਕਦੈ! ਤੁਹਾਨੂੰ ਕੇਵਲ ਉਸ ਨੂੰ ਸਹੀ ਜਗ੍ਹਾ ‘ਤੇ ਟੋਲਣ ਦੀ ਲੋੜ ਹੈ।

ਕਹਿੰਦੇ ਨੇ, ”ਇਸ ਸੰਸਾਰ ‘ਚ ਕੁੱਤਾ ਕੁੱਤੇ ਨੂੰ ਖਾਂਦੈ।” ਪਰ ਕੁੱਤੇ ਬਹੁਤ ਹੀ ਘੱਟ ਦੂਸਰੇ ਕੁੱਤਿਆਂ ਨੂੰ ਖਾਂਦੇ ਨੇ। ਕਹਿੰਦੇ ਨੇ, ”ਹਮਲਾ ਸਵੈ-ਰੱਖਿਆ ਦਾ ਬਿਹਤਰੀਨ ਢੰਗ ਹੁੰਦੈ।” ਗੱਲ ਸਹੀ ਇਹ ਵੀ ਨਹੀਂ ਲੱਗਦੀ। ਹਮਲਾ ਕਰਨਾ ਇਹ ਸੁਨਿਸ਼ਚਿਤ ਕਰਨ ਦਾ ਇੱਕ ਬਿਹਤਰੀਨ ਢੰਗ ਹੈ ਕਿ ਅੰਤ ‘ਚ ਤੁਹਾਨੂੰ ਸਵੈ-ਰੱਖਿਆ ਦੀ ਲੋੜ ਪਵੇਗੀ। ਕਹਿੰਦੇ ਨੇ, ”ਹਰ ਬੰਦੇ ਨੂੰ ਪਹਿਲਾਂ ਖ਼ੁਦ ਦੇ ਹਿੱਤਾਂ ਬਾਰੇ ਸੋਚਣਾ ਚਾਹੀਦੈ।” ਪਰ ਕੀ ਅਸੀਂ ਇਸ ਸੰਸਾਰ ‘ਚ ਅਕਸਰ ਦਿਲ ਨੂੰ ਛੂਹ ਜਾਣ ਵਾਲੀਆਂ ਅਥਾਹ ਦਰਿਆਦਿਲੀ ਦੀਆਂ ਕਹਾਣੀਆਂ ਨਹੀਂ ਸੁਣਦੇ? ਸੋ, ਤੁਹਾਡੀ ਭਾਵਨਾਤਮਕ ਜ਼ਿੰਦਗੀ ਆਖ਼ਿਰ ਕਿੰਨੀ ਕੁ ਮੁਸ਼ਕਿਲ ਹੈ? ਇਹ ਬਿਲਕੁਲ ਓਨੀ ਹੀ ਦਾਢੀ (ਜਾਂ ਓਨੀ ਹੀ ਆਸ ਭਰਪੂਰ) ਹੈ ਜਿੰਨੀ ਮਨੁੱਖੀ ਸੁਭਾਅ ਬਾਰੇ ਤੁਹਾਡੀ ਸੋਚ। ਹਾਲਾਤ ਓਨੇ ਸੌਖੇ ਹੋਣਗੇ ਜਿੰਨੀ ਤੁਸੀਂ ਆਸ ਰੱਖੋਗੇ। ਸੋ ਚੰਗੇ ਦੀ ਆਸ ਕਰਨੀ ਸ਼ੁਰੂ ਕਰ ਦਿਓ!

ਕਲਾਕਾਰ ਨਜ਼ਰੀਏ ਨਾਲ ਖੇਡਣਾ ਪਸੰਦ ਕਰਦੇ ਨੇ। ਸੰਗੀਤਕਾਰ ਵੱਖੋ-ਵੱਖਰੀਆਂ ਧੁੰਨੀਆਂ ਨੂੰ ਮਿਕਸ ਕਰਨ ‘ਚ ਆਨੰਦ ਲੈਂਦੇ ਨੇ ਅਤੇ ਉਹ ਉਨ੍ਹਾਂ ‘ਚੋਂ ਕੁਝ ਨੂੰ ਮੁੱਖਭੂਮੀ ‘ਤੇ ਲਿਆਉਂਦੇ ਨੇ ਜਦੋਂ ਕਿ ਬਾਕੀਆਂ ਨੂੰ ਉਹ ਮਹੱਤਵਪੂਰਨ ਪ੍ਰਭਾਵ ਨਾਲ ਪਿੱਠਭੂਮੀ ‘ਚ ਰੱਖਦੇ ਨੇ। ਕਿਸੇ ਵੀ ਤਸਵੀਰ ਦੀ ਦਿਖ ਇਸ ਗੱਲ ਨਾਲ ਬੜੇ ਨਾਟਕੀ ਢੰਗ ਨਾਲ ਬਦਲ ਜਾਂਦੀ ਹੈ ਕਿ ਤੁਸੀਂ ਕਿਹੜੀ ਸ਼ੈਅ ਕਿੱਥੇ ਰੱਖਦੇ ਹੋ। ਜੇਕਰ ਅਸੀਂ ਅੱਡੋ-ਅੱਡ ਸਾਜ਼ਾਂ ਨੂੰ ਵੱਖੋ-ਵੱਖਰੇ ਸਮੇਂ ‘ਤੇ ਹਾਵੀ ਹੋਣ ਦੇਈਏ ਤਾਂ ਕਿਸੇ ਵੀ ਜੁਗਲਬੰਦੀ ਨੂੰ ਰੂਪਰੇਖਾ ਨੂੰ ਪੂਰੀ ਤਰ੍ਹਾਂ ਬਦਲਿਆ ਜਾ ਸਕਦੈ। ਹੁਣ ਜਦੋਂ ਤੁਸੀਂ ਇਹ ਵਿਚਾਰ ਕਰ ਰਹੇ ਹੋ ਕਿ ਤੁਹਾਡੇ ਭਾਵਨਾਤਮਕ ਜੀਵਨ ‘ਚ ਕਿਸ ਚੀਜ਼ ‘ਚ ਤਬਦੀਲੀ ਦੀ ਲੋੜ ਹੈ, ਉਸ ਦੇ ਬੁਨਿਆਦੀ ਭਾਗਾਂ ਨੂੰ ਜਿਓਂ ਦਾ ਤਿਓਂ ਰੱਖਣ ਦੀ ਕੋਸ਼ਿਸ਼ ਕਰੋ, ਪਰ ਉਨ੍ਹਾਂ ਦੀ ਤਰਤੀਬ ਬਿਲਕੁਲ ਬਦਲ ਦਿਓ। ਥੋੜ੍ਹੀ ਜਿਹੀ ਸਿਰਜਣਾਤਮਕ ਪਹੁੰਚ ਤੁਹਾਡੀ ਸੋਚ ਤੋਂ ਕਿਤੇ ਵੱਧ ਫ਼ਲਦਾਇਕ ਸਾਬਿਤ ਹੋ ਸਕਦੀ ਹੈ।

ਕੀ ਇਸ ਸੰਸਾਰ ‘ਚ ਸੰਸਕਾਰ ਨਾਮ ਦੀ ਕੋਈ ਸ਼ੈਅ ਬਾਕੀ ਨਹੀਂ ਰਹਿ ਗਈ? ਕੀ ਅਸੀਂ ਸਾਰੇ ਹੁਣ ਹਰ ਉਸ ਸਰਗਰਮੀ ਤੋਂ ਬੇਪਰਵਾਹ ਹਾਂ ਜਿਹੜੀ TV ‘ਤੇ ਨਹੀਂ ਦਿਖਾਈ ਜਾਂਦੀ? ਇੰਝ ਜਾਪਦੈ ਜਿਵੇਂ ਅਸੀਂ ਇੱਕ ‘ਤਾਂ ਕੀ ਹੋਇਆ? ‘ ਸੰਸਾਰ ‘ਚ ਵਿੱਚਰ ਰਹੇ ਹਾਂ। ਹੁਣ ਇੱਥੇ ਓਨਾ ਆਕਰਸ਼ਣ ਰਿਹਾ ਹੀ ਨਹੀਂ ਜਿੰਨਾ ਕਿਸੇ ਵੇਲੇ ਹੋਇਆ ਕਰਦਾ ਸੀ। ਪਰ ਹੈਗੈ ਏ ਨਾ, ਯਾਰ। ਉਹ ਤਾਂ ਸਿਰਫ਼ ਸਾਨੂੰ ਥੋੜ੍ਹਾ ਵਧੇਰੇ ਧਿਆਨ ਨਾਲ ਦੇਖਣ ਅਤੇ ਦੇਖਣ ਵਾਲੀ ਅੱਖ ਦੀ ਲੋੜ ਹੈ। ਕੋਈ ਵੀ ਬਿਹਤਰੀਨ ਮੌਕਾ ਖ਼ੁਦ-ਬ-ਖ਼ੁਦ ਤੁਹਾਡੇ ਕਦਮਾਂ ‘ਚ ਨਹੀਂ ਡਿੱਗਣ ਵਾਲਾ। ਪਰ ਜੇ ਤੁਸੀਂ ਹੁਣ ਆਪਣੇ ਘੋੜੇ ਦੀ ਕਾਠੀ ਕੱਸ ਲਓ ਅਤੇ ਸੰਭਾਵਨਾ ਦੇ ਮੈਦਾਨ ਦਾ ਇੱਕ ਗੇੜਾ ਲਗਾ ਆਓ, ਸ਼ਾਇਦ ਤੁਸੀਂ ਅਸਲ ਤਬਦੀਲੀ ਨੂੰ ਰੱਸੇ ਨਾਲ ਜਕੜ ਕੇ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਲਿਆ ਸਕੋ, ਅਤੇ ਆਪਣੇ ਪਿੱਛੇ-ਪਿੱਛੇ ਘਰ ਦੇ ਅੰਦਰ ਵੀ।