ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਪਿਛਲੇ ਦਿਨੀਂ ਮੈਨੂੰ ਆਪਣੀ ਇੱਕ ਕਿਤਾਬ ਦੇ ਅੰਗ੍ਰੇਜ਼ੀ ‘ਚ ਹੋ ਰਹੇ ਪਰਕਾਸ਼ਨ ਸਬੰਧੀ ਦਿੱਲੀ ਨੈਸ਼ਨਲ ਬੁੱਕ ਟਰੱਸਟ ਔਫ਼ ਇੰਡੀਆ ਦੇ ਦਫ਼ਤਰ ਇੱਕ ਮੀਟਿੰਗ ਲਈ ਜਾਣਾ ਪੈ ਗਿਆ। ਨਹਿਰੂ ਭਵਨ ਦੇ ਨਾਂ ਹੇਠ ਇੰਡਸਟ੍ਰੀਅਲ ਏਰੀਏ ‘ਚ ਬਣਿਆ ਹੋਇਆ ਇਹ ਇੱਕ ਖ਼ੂਬਸੂਰਤ ਸਾਹਿਤਕ ਦਫ਼ਤਰ ਹੈ, ਅਤੇ ਇਹ ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਦੇ ਅਧੀਨ ਕੰਮ ਕਰਦਾ ਹੈ। ਇਥੇ ਆਣ ਕੇ ਮੈਨੂੰ ਲੱਗਿਆ ਕਿ ਏਥੇ ਅੱਖਰ ਬੋਲਦੇ ਨੇ, ਰਸ ਘੋਲਦੇ ਨੇ ਅਤੇ ਸ਼ਬਦ ਆਪੋ ਵਿੱਚੀਂ ਰਲ ਮਿਲ ਕੇ ਗਾਉਂਦੇ ਨੇ। ਜਿੱਧਰ ਦੇਖੋ, ਕਿਤਾਬਾਂ ਹੀ ਕਿਤਾਬਾਂ ਦੀਦਾਰ ਦੇਂਦੀਆਂ ਨੇ। ਭਾਰਤ ਦੀ ਹਰੇਕ ਭਾਸ਼ਾ ‘ਚ ਕਿਤਾਬਾਂ ਆਪ ਨੂੰ ਜੀ ਆਇਆਂ ਆਖਣਗੀਆਂ ਅਤੇ ਆਪ ਦਾ ਮਨ ਕਿਤਾਬ ਖ਼ਰੀਦ ਕੇ ਝੋਲੇ ‘ਚ ਪਾਉਣ ਨੂੰ ਆਪ ਮੁਹਾਰੇ ਕਰ ਆਏਗਾ, ਭਾਸ਼ਾ ਚਾਹੇ ਕੋਈ ਵੀ ਕਿਓਂ ਨਾ ਹੋਵੇ! ਏਥੇ ਕਿਤਾਬਾਂ ਪਾਠਕ ਨੂੰ ਆਵਾਜ਼ਾਂ ਮਾਰਦੀਆਂ ਪ੍ਰਤੀਤ ਹੁੰਦੀਆਂ ਜਾਪੀਆਂ। ਥੱਲੜੇ ਫ਼ਲੋਰ ‘ਤੇ ਕਿਤਾਬਾਂ ਦੀ ਇੱਕ ਭਾਰੀ ਭਰਕਮ ਹੱਟ ਹੈ ਜੋ ਦੋ ਮੰਜਿਲੀ ਹੈ। ਗੋਲ ਘੇਰੇ ‘ਚ ਗੇੜਾ ਕੱਢੋ ਤੇ ਕਿਤਾਬਾਂ ਦੀ ਪਰਿਕ੍ਰਮਾ ਕਰੋ, ਮਨ ਖ਼ੁਸ਼ ਹੋ ਜਾਂਦਾ ਹੈ, ਜਿਵੇਂ ਕਿਸੇ ਸਦਾ-ਬਹਾਰ ਬੁੱਕ ਫ਼ੇਅਰ ‘ਚ ਫ਼ਿਰ ਰਹੇ ਹੋਈਏ।
ਭਾਰਤ ਦੀ ਹਰ ਭਾਸ਼ਾ ‘ਚ ਛਪੀ ਹੋਈ, ਖ਼ਾਸ ਕਰ ਸਾਹਿਤ, ਕਲਾ, ਖੇਡ ਇਤਿਹਾਸ, ਮਨੋ-ਵਿਗਿਆਨ ਅਤੇ ਇਸ ਤੋਂ ਇਲਾਵਾ ਵੰਨ ਸੁਵੰਨੇ ਵਿਸ਼ਿਆਂ ਬਾਬਤ ਕਿਤਾਬਾਂ, ਸਜ ਧਜ ਕੇ ਆਪਣੇ ਆਲ੍ਹਣਿਆਂ ‘ਚ ਬੈਠੀਆਂ ਦਿਖਾਈ ਦੇਣਗੀਆਂ ਤੁਹਾਨੂੰ। ਭਾਰਤ ਦੇ ਵੱਖ ਵੱਖ ਖੇਤਰਾਂ ਦੀਆਂ ਮਹਾਨ ਹਸਤੀਆਂ ਦੇ ਜੀਵਨ ਨਾਲ ਸਬੰਧਿਤ ਕਿਤਾਬਾਂ ਦੇ ਟਾਈਟਲਾਂ ਉੱਪਰ ਝਾਤੀ ਮਾਰੋਗੇ ਤਾਂ ਕੋਈ ਉਦਾਸ ਸ਼ਖ਼ਸੀਅਤ ਦਿਸੇਗੀ, ਕੋਈ ਮੁਸਕਰਾਉਂਦੀ ਹੋਈ ਸ਼ਖ਼ਸੀਅਤ, ਅਤੇ ਕੋਈ ਸੋਚਦੀ ਹੋਈ ਸ਼ਖ਼ਸੀਅਤ, ਅਤੇ ਕੋਈ ਖਾਮੋਸ਼ ਬੈਠੀ ਸ਼ਖ਼ਸੀਅਤ। ਇੱਕ ਥਾਵੇਂ ਏਨੀਆਂ ਸ਼ਖ਼ਸੀਅਤਾਂ ਦਾ ਮੇਲਾ? ਵਾਹ ਵਾਹ! ਸਾਬਾਸ਼ੇ ਤੁਹਾਡੇ ਨੈਸ਼ਨਲ ਬੁੱਕ ਟਰੱਸਟ ਵਾਲਿਓ! ਪ੍ਰੋ. ਪਰਮਜੀਤ ਰੁਮਾਣਾ ਵਲੋਂ ਪਦਮ ਸ਼੍ਰਰੀ ਪ੍ਰੋ. ਗੁਰਦਿਆਲ ਸਿੰਘ ਦੀਆਂ ਅੰਗਰੇਜ਼ੀ ‘ਚ ਅਨੁਵਾਦੀਆਂ ਕਹਾਣੀਆਂ ਦੀ ਮੋਟੀ ਕਿਤਾਬ ਨੇ ਮੈਨੂੰ ਜਿਵੇਂ ਹਾਕ ਮਾਰ ਕੇ ਆਖਿਆ, ਨਜ਼ਰ ਘੁੰਮਾ ਕੇ ਨਾ ਲੰਘ, ਫ਼ੋਲ ਮੇਰੇ ਵਰਕੇ ਤੇ ਵੇਖ ਮੇਰਾ ਰੰਗ, ਮੈਂ ਹਾਂ ਤੇਰੇ ਅੰਕਲ ਗੁਰਦਿਆਲ ਸਿੰਘ ਦੀ ਕਿਤਾਬ…
ਇੱਕ ਸਵੈ ਜੀਵਨੀ ਪਈ ਸੀ ਕਰਤਾਰ ਸਿੰਘ ਦੁੱਗਲ ਦੀ ਅਤੇ ਨਾਲ ਈ ਉਹਦੀਆਂ ਚੋਣਵੀਆਂ ਕਹਾਣੀਆਂ ਦਾ ਅੰਗਰੇਜ਼ੀ ‘ਚ ਹੋਇਆ ਅਨੁਵਾਦ। ਮੈਂ ਗਾਰਗੀ ਨੂੰ ਲੱਭਣ ਤੁਰਿਆ ਨਾ ਲੱਭਾ। ਸ਼ਿਵ, ਮੀਸ਼ਾ ਅਤੇ ਸਤੋਖ ਸਿੰਘ ਧੀਰ ਨੂੰ ਹਾਲੇ ਲੱਭ ਈ ਰਿਹਾ ਸਾਂ ਕਿ ਬੇਬੇ ਅੰਮ੍ਰਿਤਾ ਬੋਲੀ, ਆਹ ਮੈਂ ਸਾਰੀ ਦੀ ਸਾਰੀ ਬੈਠੀ ਆਂ ਇੰਗਲਿਸ਼ ‘ਚ ਬੇਟਾ, ਪਰ ਪੜਨਾ ਮੈਨੂੰ ਪੰਜਾਬੀ ‘ਚ ਈ ਤੁਸਾਂ ਨੇ। ਵਰਿਆਮ ਸੰਧੂ ਦੀਆਂ ਚੋਣਵੀਆਂ ਕਹਾਣੀਆਂ ਦੇ ਨਾਲ ਹੀ ਰਾਮ ਸਰੂਪ ਅਣਖੀ ਅੰਗ੍ਰੇਜ਼ੀ ‘ਚ ਮੁਸਕਰਾ ਰਿਹਾ ਸੀ। ਦਲੀਪ ਕੌਰ ਟਿਵਾਣਾ ਅਤੇ ਬਚਿੰਤ ਕੌਰ ਵੀ ਆਪੋ ਆਪਣੀ ਥਾਂ ਮੱਲੀ ਬੈਠੀਆਂ ਸਨ। ਕਿਆ ਬਾਤਾਂ ਸਨ। ਪੰਜਾਬੀ ਦੇ ਨਾਮਵਰ ਲੇਖਕਾਂ ਦਾ ਮੌਲਿਕ ਸਾਹਿਤ, ਵੰਨ ਸੁਵੰਨੜਾ ਅਨੁਵਾਦ, ਬਾਲ ਸਾਹਿਤ ਆਦਿ ਕੀ ਕੀ ਦੱਸਾਂ, ਬਾਗ਼ ਬਗੀਚੇ ਭਰੇ ਪਏ ਸਨ ਕਿਤਾਬਾਂ ਦੇ। ਸਰਵਣ ਸਿੰਘ ਖੇਡਾਂ ਦੀਆਂ ਬਾਤਾਂ ਲਗਾਤਾਰ ਪਾਈ ਜਾ ਰਿਹਾ ਹੈ, ਅਤੇ ਸ਼ੁਕਰ ਹੈ ਕਿ ਭਾਰਤ ਸਰਕਾਰ ਦੇ ਇਸ ਅਦਾਰੇ ਨੇ ਉਹਦੀਆਂ ਲਿਖਤਾਂ ਛਾਪ ਕੇ ਸੰਭਾਲ ਰੱਖੀਆਂ ਨੇ। ਸੰਤ ਸਿੰਘ ਸੇਖੋਂ ਦੀਆਂ ਰਚਨਾਵਾਂ ਦਾ ਵੀ ਅੰਗ੍ਰੇਜ਼ੀ ‘ਚ ਅਨੁਵਾਦ ਹੋਇਆ ਪਿਆ ਸੀ।
——-
ਭਾਰਤ ਦੀ ਸਮੁੱਚੀ ਬਾਣੀ ਪਰੰਪਰਾ, ਗੁਰੂਆਂ ਪੀਰਾਂ ਦੀਆਂ ਜੀਵਨ ਕਥਾਵਾਂ, ਇਤਿਹਾਸ ਮਿਥਿਹਾਸ, ਕਥਾ ਕਹਾਣੀ, ਨਾਟਕ, ਨਾਵਲ, ਕਵਿਤਾ, ਇਕਾਂਗੀ, ਵਾਰਤਕ, ਸਫ਼ਰਨਾਮਾ, ਸਵੈ ਜੀਵਨੀਆਂ ਸਮੇਤ ਹਰ ਤਰਾਂ ਦੀਆਂ ਕਿਤਾਬਾਂ ਦੀਆਂ ਕਤਾਰਾਂ ਲਿਸ਼ਕਣ ਲੰਬੀਆਂ ਲੰਬੀਆਂ। ਸਿੱਖ ਇਤਿਹਾਸ, ਪੰਜਾਬੀ ਸਭਿਆਚਾਰ, ਲੋਕ ਧਾਰਾ,ਗਦਰ ਲਹਿਰ, ਦੇਸ਼ ਭਗਤੀ ਦੇ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਦੇਖ ਬੜਾ ਚੰਗਾ ਚੰਗਾ ਲੱਗਿਆ ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਉਤੇ ਸਭ ਤੋਂ ਵੱਧ ਪ੍ਰਕਾਸ਼ਨਾਵਾਂ ਇਸੇ ਅਦਾਰੇ ਨੇ ਕੀਤੀਆਂ।

—–
ਅੱਜਕਲ ਇਸ ਟਰੱਸਟ ਦੇ ਡਾਇਰੈਕਟਰ ਕਰਨਲ ਯੁਵਰਾਜ ਮਲਿਕ ਹਨ। ਤਿੰਨ ਸਾਲਾਂ ਤੋਂ ਟਰੱਸਟ ਦੀਆਂ ਉਪਲਬਧੀਆਂ ‘ਚ ਪੰਜਾਬੀ ਭਾਸ਼ਾ ਵਾਸਤੇ ਕੀਤੀਆਂ ਉਪਲਬਧੀਆਂ ਦੇਖ ਸੁਣ ਕੇ ਪ੍ਰਸੰਨਤਾ ਮਹਿਸੂਸ ਹੋਈ ਹੈ। ਪੰਜਾਬੀ ਸੈਕਸ਼ਨ ਦੀ ਇੰਚਾਰਜ ਡਾ. ਨਵਜੋਤ ਕੌਰ ਹੈ ਅਤੇ ਨਾਲ ਹੈ ਸਹਾਇਕ ਸੁਖਵਿੰਦਰ ਸਿੰਘ। ਸਾਹਿਤਕਾਰਾਂ ਦੀ ਰਾਜਧਾਨੀ ਕਹੇ ਜਾਂਦੇ ਬਰਨਾਲੇ ਦੀ ਡਾ. ਨਵਜੋਤ ਕੌਰ ਖ਼ੁਦ ਚੰਗਾ ਅਤੇ ਸਾਂਭਣਯੋਗ ਸਾਹਿਤ ਲੱਭ ਲੱਭ ਕੇ ਛਾਪਣ ਦੀ ਰੁਚੀ ਰਖਦੀ ਹੈ। ਪਿਛਲੇ ਸਾਲ ਮੇਰੀ ਚੋਣਵੀਂ ਵਾਰਤਕ ਛਾਪ ਕੇ ਮਾਣ ਦਿੱਤਾ। ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਵੱਲੋਂ ਪੰਜਾਬ ‘ਚ ਵੱਖ ਵੱਖ ਥਾਈਂ ਲਗਦੇ ਪੁਸਤਕ ਮੇਲਿਆਂ ‘ਚ ਪਾਠਕਾਂ ਦੀਆਂ ਭੀੜਾਂ ਹੁੰਦੀਆਂ ਨੇ, ਪਰ ਇਸਦਾ ਮੈਨੂੰ ਪ੍ਰਤੱਖ ਪ੍ਰਮਾਣ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ ਲਗਾਏ ਪੁਸਤਕ ਮੇਲੇ ‘ਚ ਦਿਸਿਆ ਸੀ ਜਿਥੇ ਇੱਕ ਹਫ਼ਤੇ ‘ਚ ਡੇਢ ਕਰੋੜ ਦੀਆਂ ਕਿਤਾਬਾਂ ਵਿਕ ਗਈਆਂ ਸਨ।
ਇਹ ਟਰੱਸਟ ਭਾਰਤ ਭਰ ‘ਚ ਪੁਸਤਕ ਮੇਲੇ ਹੀ ਨਹੀਂ ਲਾਉਂਦਾ ਅਤੇ ਸਿਰਫ਼ ਕਿਤਾਬਾਂ ਹੀ ਨਹੀਂ ਛਾਪਦਾ ਸਗੋਂ ਭਾਸ਼ਾਵਾਂ ਅਤੇ ਕਲਾਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਹੋਰ ਵੀ ਕਈ ਤਰਾਂ ਦੇ ਪ੍ਰੌਜੈਕਟਸ ਉਲੀਕਦਾ ਵਿਓਂਤਦਾ ਰਹਿੰਦਾ ਹੈ। ਡਾਇਰੈਕਟਰ ਕਰਨਲ ਮਲਿਕ ਖ਼ੁਦ ਨੌਜਵਾਨ, ਜਗਿਆਸੂ ਅਤੇ ਇੱਕ ਚੇਤੰਨ ਅਫ਼ਸਰ ਹੈ। ਦਫ਼ਤਰੀ ਕੰਮ ਦੇ ਮਸਲੇ ‘ਚ ਨਾ ਉਹ ਆਪ ਅਰਾਮ ਨਾਲ ਬਹਿੰਦਾ ਹੈ ਅਤੇ ਨਾ ਕਿਸੇ ਨੂੰ ਬਹਿਣ ਦਿੰਦਾ ਹੈ, ਹਰ ਸਮੇਂ ਸ਼ਬਦਾਂ ਨਾਲ ਖੇਡਦਾ ਰਹਿੰਦਾ ਹੈ ਅਤੇ ਹੋਰਨਾਂ ਨੂੰ ਖਿਡਾਉਂਦਾ। ਮੇਜ਼ ‘ਤੇ ਪਈ ਫ਼ਾਈਲ ਨੂੰ ਬੋਝ ਮੰਨਦਾ ਹੈ ਮਲਿਕ। ਦੁਨੀਆਂ ਭਰ ‘ਚ ਹੁੰਦੇ ਪੁਸਤਕ ਮੇਲਿਆਂ ‘ਚ ਹਾਜ਼ਿਰ ਰਹਿਣਾ ਅਤੇ ਟਰੱਸਟ ਵਲੋਂ ਪ੍ਰਕਾਸ਼ਨਾ ਦਾ ਦਾਇਰਾ ਹੋਰ ਅੱਗੇ ਵਧਾਉਣ ਵਰਗੇ ਯਤਨ ਹਰ ਸਮੇਂ ਕਰਦਾ ਹੈ ਯੁਵਰਾਜ ਮਲਿਕ। ਉਨਾਂ ਦੇ ਡਾਇਰੈਕਟਰ ਬਣਨ ਬਾਅਦ ਭਾਰਤੀ ਭਾਸ਼ਾਵਾਂ ਦੀ ਪ੍ਰਫ਼ੁੱਲਤਾ ਲਈ ਕੁਝ ਸਕੀਮਾਂ ਬਣਾਈਆਂ ਗਈਆਂ, ਅਤੇ ਪਿਛਲੇ ਸਾਲ ਤਿੰਨ ਯੁਵਾ ਲੇਖਕਾਂ ਨੂੰ ਯੁਵਾ ਮੈਂਟੋਰਸ਼ਿਪ ਯੋਜਨਾ ਲਈ ਚੁਣਿਆ ਗਿਆ।
—-
ਜਦ ਦੇਸ਼ ਅਜਾਦ ਹੋਇਆ ਤਾਂ 10 ਸਾਲ ਬਾਅਦ ਹੀ 1 ਅਗਸਤ ਸੰਨ 1957 ‘ਚ ਇਸ ਨੈਸ਼ਨਲ ਬੁੱਕ ਟਰੱਸਟ ਦੀ ਸਥਾਪਨਾ ਹੋਈ। 24 ਜੁਲਾਈ 1985 ਨੂੰ ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ ਇਥੇ ਵਿਸ਼ੇਸ਼ ਪੰਜਾਬੀ ਸੈਲ ਦੀ ਸਥਾਪਨਾ ਕੀਤੀ ਗਈ। ਪਹਿਲਾਂ ਇਸਦਾ ਦਫ਼ਤਰ ਗਰੀਨ ਪਾਰਕ ‘ਚ ਹੁੰਦਾ ਸੀ ਅਤੇ ਫ਼ਿਰ ਫ਼ੁੱਲ ਫ਼ਲੈਸ਼ ਰੂਪ ‘ਚ ਆਪਣਾ ਵੱਡਾ ਦਫ਼ਤਰ, ਰਿਹਾਇਸ਼ੀ ਕਲੋਨੀ ਸਮੇਤ ਵਸੰਤ ਕੁੰਜ-5, ਨਹਿਰੂ ਭਵਨ ‘ਚ ਬਣ ਗਿਆ। ਇਸ ਦੇ ਚੇਅਰਮੈਨ ਪ੍ਰੋਫ਼ੈਸਰ ਗੋਵਿੰਦ ਪ੍ਰਸ਼ਾਦ ਸ਼ਰਮਾ ਹਨ। ਪੰਜਾਬ ‘ਚ ਲਗਦੇ ਪੁਸਤਕ ਮੇਲਿਆਂ ਵਿੱਚ ਟਰੱਸਟ ਦੀਆਂ ਬੱਸਾਂ ਭਰ ਕੇ ਜਾਂਦੀਆਂ ਨੇ ਤੇ ਪੁਸਤਕਾਂ ਦੀ ਪ੍ਰਦਰਸ਼ਨੀ ਲਾਉਂਦੀਆਂ ਨੇ। ਕਰਨਲ ਮਲਿਕ ਜੀ ਨੇ ਖ਼ੁਸ਼ੀ ਦੀ ਗੱਲ ਇਹ ਦੱਸੀ ਹੈ ਕਿ ਟਰੱਸਟ ਜਲਦੀ ਹੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਆਪਣੀਆਂ ਪ੍ਰਕਾਸ਼ਨਾਵਾਂ ਪਾਠਕਾਂ ਤਕ ਪਹੁੰਚਾਉਣ ਲਈ ਪ੍ਰਬੰਧ ਕਰ ਰਿਹਾ ਹੈ। ਸਸਤੀਆਂ ਅਤੇ ਮਿਆਰੀ ਕਿਤਾਬਾਂ ਪੰਜਾਬ ਦੇ ਪਾਠਕਾਂ ਕੋਲ ਸੌਖੀਆਂ ਜਾਣ ਲੱਗਣਗੀਆਂ। ਇਹ ਯਤਨ ਬੜੀ ਦੇਰ ਪਹਿਲਾਂ ਦਾ ਹੋਣਾ ਚਾਹੀਦਾ ਸੀ, ਪਰ ਦੇਰ ਆਏ ਦਰੁਸਤ ਆਏ। ਹੁਣ ਵੀ ਹੋ ਜਾਏ ਤਾਂ ਵਧੀਆ ਹੈ।