ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਅੱਤਵਾਦ ’ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਅੱਜ ਪਾਕਿਸਤਾਨ ਦੀਆਂ ਮੁੱਖ ਸਮੱਸਿਆਵਾਂ ’ਚੋਂ ਇਕ ਹੈ। ਸ਼ਹਿਬਾਜ਼ ਸ਼ਰੀਫ ਨੇ ਇਹ ਬਿਆਨ ਖੈਬਰ ਪਖਤੂਨਖਵਾ ’ਚ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਕਰਦਿਆਂ ਦਿੱਤਾ ਹੈ।
ਖੈਬਰ ਪਖਤੂਨਖਵਾ ’ਚ ਅੱਦਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਨੇ ਬੁੱਧਵਾਰ ਨੂੰ ਇਕ ਪੁਲਸ ਵੈਨ ਨੂੰ ਨਿਸ਼ਾਨਾ ਬਣਾਉਂਦਿਆਂ ਹਮਲਾ ਬੋਲ ਦਿੱਤਾ ਸੀ। ਇਸ ਹਮਲੇ ’ਚ ਇਕ ਏ. ਐੱਸ. ਆਈ. ਤੇ ਪੰਜ ਕਾਂਸਟੇਬਲਾਂ ਦੀ ਮੌਤ ਹੋ ਗਈ ਸੀ।
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ ਵਜ਼ੀਰਿਸਤਾਨ ਜ਼ਿਲੇ ’ਚ ਭਾਰੀ ਹਥਿਆਰਾਂ ਨਾਲ ਲੈਸ ਅਣਪਛਾਤੇ ਹਮਲਾਵਰਾਂ ਨੇ ਰਗਾਜੀ ਥਾਣੇ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ’ਚ ਵੀ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਸਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਖੈਬਰ ਪਖਤੂਨਖਵਾ ਇਲਾਕੇ ਦੇ ਲੱਕੀ ਮਾਰਵਾਤ ਜ਼ਿਲੇ ’ਚ ਨਿਯਮਿਤ ਗਸ਼ਤ ’ਤੇ ਨਿਕਲੀ ਪੁਲਸ ਵੈਨ ’ਤੇ ਹੋਏ ਹਮਲੇ ਦੀ ਨਿੰਦਿਆ ਕੀਤੀ ਹੈ। ਪਾਕਿਸਤਾਨੀ ਪੀ. ਐੱਮ. ਨੇ ਮਾਰੇ ਗਏ ਫੌਜੀਆਂ ਪ੍ਰਤੀ ਦੁੱਖ ਪ੍ਰਗਟਾਉਂਦਿਆਂ ਟਵਿਟਰ ’ਤੇ ਲਿਖਿਆ, ‘‘ਅੱਤਵਾਦ ਪਾਕਿਸਤਾਨ ਦੀਆਂ ਮੁੱਖ ਸਮੱਸਿਆਵਾਂ ’ਚੋਂ ਇਕ ਹੈ।’’
ਸ਼ਰੀਫ ਨੇ ਟਵੀਟ ’ਚ ਅੱਗੇ ਲਿਖਿਆ, ‘‘ਹਮਲੇ ਦੀ ਨਿੰਦਿਆ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ ਹਨ। ਸਾਡੇ ਦੁੱਖ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ। ਹੁਣ ਅਸੀਂ ਕੋਈ ਗਲਤੀ ਨਹੀਂ ਕਰਨੀ ਹੈ। ਸਾਡੇ ਹਥਿਆਰਬੰਦ ਫੌਜੀ ਤੇ ਪੁਲਸ ਇਸ ਸੰਕਟ ਨਾਲ ਬਹਾਦਰੀ ਨਾਲ ਲੜ ਰਹੀ ਹੈ।’’