ਰਾਘਵ ਚੱਢਾ ਨੇ ਭਾਜਪਾ ’ਤੇ ਲਾਇਆ ਉਮੀਦਵਾਰ ਨੂੰ ਅਗਵਾ ਕਰਨ ਦਾ ਇਲਜ਼ਾਮ, ਬੋਲੇ- ‘ਇਹ ਲੋਕਤੰਤਰ ਦਾ ਕਤਲ’

ਨੈਸ਼ਨਲ ਡੈਸਕ- ਗੁਜਰਾਤ ’ਚ 182 ਵਿਧਾਨ ਸਭਾ ਸੀਟਾਂ ’ਤੇ 1 ਅਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਲਈ ਪੂਰੀ ਤਰ੍ਹਾਂ ਸਰਗਰਮ ਹਨ। ਓਧਰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪਾਰਟੀ ਗੁਜਰਾਤ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ।
ਰਾਘਵ ਨੇ ਇਲਜ਼ਾਮ ਲਾਇਆ ਕਿ ਸੂਰਤ ਪੂਰਬੀ ਸੀਟ ਤੋਂ ਸਾਡੇ ਉਮੀਦਵਾਰ ਕੰਚਨ ਜਰੀਵਾਲਾ ਨੂੰ ਭਾਜਪਾ ਨੇ ਅਗਵਾ ਕਰ ਲਿਆ ਹੈ। ਪਹਿਲਾਂ ਭਾਜਪਾ ਨੇ ਉਨ੍ਹਾਂ ਦੀ ਨਾਮਜ਼ਦਗੀ ਪੱਤਰ ਨੂੰ ਖਾਰਜ ਕਰਾਉਣ ਦੀ ਕੋਸ਼ਿਸ ਕੀਤੀ ਸੀ। ਜਦੋਂ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਤਾਂ ਉਮੀਦਵਾਰੀ ਵਾਪਸ ਲੈਣ ਲਈ ਮਜ਼ਬੂਰ ਕੀਤਾ ਗਿਆ ਅਤੇ ਹੁਣ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ। ਰਾਘਵ ਨੇ ਇਸ ਨੂੰ ਗੁਜਰਾਤ ’ਚ ਲੋਕਤੰਤਰ ਦੀ ਦਿਨ-ਦਿਹਾੜੇ ਕਤਲ ਦੱਸਿਆ।
ਰਾਘਵ ਚੱਢਾ ਨੇ ਇਲਜ਼ਾਮ ਲਾਇਆ ਕਿ ਭਾਜਪਾ ਦੇ ਗੁੰਡਿਆਂ ਨੇ ਉਨ੍ਹਾਂ ਨੂੰ ਕੱਲ ਸਵੇਰੇ ਅਗਵਾ ਕਰ ਲਿਆ ਹੈ। ਉਹ ਇਸ ਸਮੇਂ ਭਾਜਪਾ ਦੇ ਗੁੰਡਿਆਂ ਦੀ ਕਸਟਡੀ ’ਚ ਹਨ। ਰਾਘਵ ਨੇ ਕਿਹਾ ਕਿ ਭਾਜਪਾ ਪਾਰਟੀ ਇੰਨਾ ਘਬਰਾ ਗਈ ਹੈ ਅਤੇ ਡਰ ਗਈ ਹੈ ਕਿ ਉਹ ‘ਆਪ’ ਦੇ ਉਮੀਦਵਾਰਾਂ ਨੂੰ ਅਗਵਾ ਕਰ ਰਹੀ ਹੈ। ਇਹ ਗੁੰਡਾਗਰਦੀ ਹੈ ਅਤੇ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਨੇ ਕਿਹਾ ਕਿ ਕੱਲ ਕੰਚਨ ’ਤੇ ਭਾਜਪਾ ਦੇ ਗੁੰਡਿਆਂ ਨੇ ਦਬਾਅ ਬਣਾਇਆ ਕਿ ਨਾਮਜ਼ਦਗੀ ਪੱਤਰ ਨਾ ਭਰੋ। ਨਾਮਜ਼ਦਗੀ ਦੇ ਆਖ਼ਰੀ ਦਿਨ ਉਨ੍ਹਾਂ ’ਤੇ ਨਾਮਜ਼ਦਗੀ ਰੱਦ ਕਰਾਉਣ ਦਾ ਦਬਾਅ ਬਣਾਇਆ। ਜਦੋਂ ਉਨ੍ਹਾਂ ਨੇ ਗੱਲ ਨਹੀਂ ਮੰਨੀ ਤਾਂ ਅਗਵਾ ਕਰਵਾ ਦਿੱਤਾ।