ਭਾਰਤ ’ਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ, ਕਿਸੇ ਨੂੰ ਪੂਜਾ ਦੇ ਤਰੀਕੇ ਨੂੰ ਬਦਲਣ ਦੀ ਲੋੜ ਨਹੀਂ : ਭਾਗਵਤ

ਅੰਬਿਕਾਪੁਰ – ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ ਅਤੇ ਸਾਰੇ ਭਾਰਤੀਆਂ ਦਾ ਡੀ. ਐੱਨ. ਏ. ਇਕ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪੂਜਾ ਕਰਨ ਦੇ ਤਰੀਕੇ ਨੂੰ ਬਦਲਣ ਦੀ ਲੋੜ ਨਹੀਂ ਹੈ ਕਿਉਂਕਿ ਸਭ ਰਸਤੇ ਇਕ ਹੀ ਜਗ੍ਹਾ ਜਾਂਦੇ ਹਨ।
ਛੱਤੀਸਗੜ੍ਹ ਦੇ ਸਰਗੁਜਾ ਜ਼ਿਲੇ ਦੇ ਹੈੱਡਕੁਆਰਟਰ ਅੰਬਿਕਾਪੁਰ ਵਿਚ ਸਵੈਮ ਸੇਵਕਾਂ (ਸੰਘ ਦੇ ਸਵੈਮ ਸੇਵਕਾਂ) ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਵੰਨ-ਸੁਵੰਨਤਾ ਵਿਚ ਏਕਤਾ ਭਾਰਤ ਦੀ ਸਦੀਆਂ ਪੁਰਾਣੀ ਵਿਸ਼ੇਸ਼ਤਾ ਹੈ। ਇਕੋ-ਇਕ ਹਿੰਦੂਤਵ ਨਾਂ ਦਾ ਵਿਚਾਰ ਦੁਨੀਆ ਵਿਚ ਅਜਿਹਾ ਹੈ, ਜੋ ਸਾਰਿਆਂ ਨੂੰ ਨਾਲ ਲੈਣ ਵਿਚ ਵਿਸ਼ਵਾਸ ਕਰਦਾ ਹੈ।
ਆਰ. ਐੱਸ. ਐੱਸ. ਦੇ ਮੁਖੀ ਨੇ ਕਿਹਾ ਕਿ ਅਸੀਂ 1925 ਤੋਂ ਕਹਿ ਰਹੇ ਹਾਂ ਕਿ ਭਾਰਤ ਵਿਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ। ਜੋ ਭਾਰਤ ਨੂੰ ਆਪਣੀ ਮਾਤਾ ਮੰਨਦਾ ਹੈ, ਮਾਤ ਭੂਮੀ ਮੰਨਦਾ ਹੈ, ਜੋ ਭਾਰਤ ਵਿਚ ਵੰਨ-ਸੁਵੰਨਤਾ ਵਿਚ ਏਕਤਾ ਵਾਲੀ ਸੰਸਕ੍ਰਿਤੀ ਨੂੰ ਜਿਊਣਾ ਚਾਹੁੰਦਾ ਹੈ, ਉਸ ਦੇ ਲਈ ਯਤਨ ਕਰਦਾ ਹੈ, ਉਹ ਪੂਜਾ ਕਿਸੇ ਵੀ ਤਰ੍ਹਾਂ ਨਾਲ ਕਰੇ, ਭਾਸ਼ਾ ਕੋਈ ਵੀ ਬੋਲੇ, ਖਾਣ-ਪਾਣ, ਰੀਤੀ-ਰਿਵਾਜ ਕੋਈ ਵੀ ਹੋਵੇ, ਉਹ ਹਿੰਦੂ ਹੈ।