ਬਿਕਰਮ ਸਿੰਘ ਮਜੀਠੀਆ ਦਾ ਅੰਮ੍ਰਿਤਪਾਲ ਵਿਰੁੱਧ ਡਟਵਾਂ ਸਟੈਂਡ, ‘ਮੈਂ ਹਰ ਧਰਮ ਦੇ ਲੋਕਾਂ ਨਾਲ ਖੜ੍ਹਾ ਹਾਂ’

ਅੰਮ੍ਰਿਤਸਰ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਵਿਰੁੱਧ ਸ਼੍ਰੋਮਣੀ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਡਟਵਾਂ ਸਟੈਂਡ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਕੀਮਤ ‘ਤੇ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਣਗੇ। ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਵੀ ਕਿਉਂ ਨਾ ਗਵਾਉਣੀ ਪਵੇ।
ਅੱਜ ਅੰਮ੍ਰਿਤਸਰ ਵਿਖੇ ਇਕ ਧਾਰਮਿਕ ਪ੍ਰੋਗਰਾਮ ‘ਚ ਸ਼ਿਰਕਤ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਕਦੀ ਕਿਸੇ ਨੂੰ ਮਾੜਾ ਕਹਿ ਰਿਹਾ ਹੈ ਤੇ ਕਦੀ ਕਿਸੇ ਨੂੰ, ਇਸ ਨੂੰ ਏਜੰਸੀਆਂ ਵੀ ਨਹੀਂ ਰੋਕ ਰਹੀਆਂ ਤੇ ਸਰਕਾਰ ਵੀ ਇਸ ਮਾਮਲੇ ਤੇ ਮੌਨ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਜੀਠੀਆ ਨੇ ਡਟਵਾਂ ਸਟੈਂਡ ਲੈਂਦਿਆਂ ਕਿਹਾ ਕਿ ਉਹ ਹਰ ਹਿੰਦੂ, ਇਸਾਈ, ਮੁਸਲਮਾਨ, ਸਿੱਖ ਹਰ ਪੰਜਾਬੀ ਨਾਲ ਖੜ੍ਹੇ ਹਨ ਤੇ ਜਿਸ ਨਾਲ ਵੀ ਧੱਕਾ ਹੋਵੇਗਾ, ਅਸੀਂ ਉਨ੍ਹਾਂ ਲਈ ਡਟ ਕੇ ਲੜਾਂਗੇ। ਲੋਕ ਫ਼ੋਨ ਕਰ ਕੇ ਕਹਿ ਰਹੇ ਹਨ ਕਿ ਉਹ ਖੁਦ ਨੂੰ ਮਹਿਫੂਜ਼ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਰਕਾਰਾਂ ਦਾ ਕੰਮ ਹੈ ਪਰ ਜੇਕਰ ਸਰਕਾਰ ਇਸ ਤੋਂ ਭਜਦੀ ਹੈ ਤਾਂ ਅਸੀਂ ਆਪਣੀ ਸਮਰੱਥਾ ਮੁਤਾਬਕ ਲੋਕਾਂ ਦੀ ਸੁਰੱਖਿਆ ਕਰਾਂਗੇ। ਲੋਕਾਂ ਦੀ ਸੁਰੱਖਿਆ ਲਈ ਭਾਵੇਂ ਉਨ੍ਹਾਂ ਨੂੰ ਛਾਤੀ ‘ਤੇ ਗੋਲੀਆਂ ਵੀ ਸਹਿਣੀਆਂ ਪੈਣ, ਉਹ ਇਸ ਤੋਂ ਵੀ ਪਿੱਛੇ ਨਹੀਂ ਹਟਣਗੇ।
ਗੁਰਪਤਵੰਤ ਪੰਨੂ ‘ਤੇ ਵਰ੍ਹਦਿਆਂ ਮਜੀਠੀਆ ਨੇ ਕਿਹਾ ਕਿ ਨਾ ਤਾਂ ਉਹ ਗੁਰੂ ਦਾ ਸਿੱਖ ਹੈ ਤੇ ਨਾ ਹੀ ਉਸ ਦਾ ਸਿੱਖੀ ਸਰੂਪ ਹੈ। ਜੇਕਰ ਉਸ ਵਿਚ ਹਿੰਮਤ ਹੈ ਤਾਂ ਉਹ ਪੰਜਾਬ ਦੀ ਧਰਤੀ ‘ਤੇ ਆ ਕੇ ਖ਼ਾਲਿਸਤਾਨ ਲਈ ਰੈਫਰੈਂਡਮ ਕਰਵਾ ਲਵੇ। ਉਨ੍ਹਾਂ ਦੇ ਭੇਜੇ ਟਾਊਟ ਇੱਥੇ ਆ ਕੇ ਗੱਲਾਂ ਕਰਦੇ ਹਨ, ਖ਼ਾਲਿਸਤਾਨ ਇਸ ਤਰ੍ਹਾਂ ਨਹੀਂ ਬਣ ਸਕਦਾ। ਮਜੀਠੀਆ ਨੇ ਖ਼ਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਪਹਿਲਾਂ ਖ਼ਾਲਿਸ ਦਾ ਮਤਲਬ ਸਮਝ ਲੈਣ। ਖ਼ਾਲਿਸਤਾਨ ਸਿਰਫ਼ ਤਾਂ ਬਣੇਗਾ ਜੇਕਰ ਪੰਜਾਬੀ ਚਾਹੁਣਗੇ। ਪਰ ਪੰਜਾਬੀ ਇੱਥੇ ਅਮਨ ਸ਼ਾਂਤੀ ਚਾਹੁੰਦੇ ਹਨ। ਪੰਜਾਬੀ ਇਸ ਦੇਸ਼ ਦੀ ਸਰਹੱਦਾਂ ਦੀ ਰਾਖੀ ਲਈ ਕੁਰਬਾਨੀ ਦਿੰਦੇ ਹਨ। ਉਨ੍ਹਾਂ ਸਾਫ਼ ਕਿਹਾ ਕਿ ਪੰਜਾਬ ਦੇਸ਼ ਦਾ ਹਿੱਸਾ ਹੈ ਤੇ ਜਦੋਂ ਤਕ ਪੰਜਾਬ ਦੇ ਲੋਕ ਜਾਂ ਸਰਕਾਰ ਨਹੀਂ ਕਹੇਗੀ, ਉਦੋਂ ਤਕ ਖ਼ਾਲਿਸਤਾਨ ਨਹੀਂ ਬਣੇਗਾ।
ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਸ਼ਰੇਆਮ ਹਥਿਆਰ ਲੈ ਕੇ ਜਾਣ ‘ਤੇ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਗੁਰੂ ਨੇ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਹੈ ਤਾਂ ਇਹ ਵੀ ਕਿਹਾ ਹੈ ਕਿ ਤੇਰੀ ਰੱਖਿਆ ਗੁਰੂ ਆਪ ਕਰੇਗਾ। ਸਾਡਾ ਗੁਰੂ ਰੋਜ਼ ਹਰ ਗੁਰਸਿੱਖ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਉਂਦਾ ਹੈ। ਗੁਰੂ ਸਾਹਿਬ ਦਾ ਹੁਕਮ ਹੈ ਕਿ ਹਰੇਕ ਧਰਮ ਦਾ ਸਤਿਕਾਰ ਕਰੋ।