ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਪਾਰਟੀ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਬਹੁਮਤ ਹਾਸਲ ਕਰਦੀ ਹੈ ਤਾਂ ਭੂਪੇਂਦਰ ਪਟੇਲ ਗੁਜਰਾਤ ਦੇ ਮੁੱਖ ਮੰਤਰੀ ਬਣੇ ਰਹਿਣਗੇ।
ਸ਼ਾਹ ਦੇ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਟੇਲ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ ਅਤੇ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹ ਦੇ ਗ੍ਰਹਿ ਰਾਜ ਵਿਚ ਲਗਾਤਾਰ ਸੱਤਵੀਂ ਵਾਰ ਸੱਤਾ ਵਿਚ ਆਉਣ ‘ਤੇ ਨਜ਼ਰ ਰੱਖ ਰਹੀ ਹੈ। ਸ਼ਾਹ ਨੇ ਇੱਥੇ ਕਿਹਾ, ”ਜੇਕਰ ਗੁਜਰਾਤ ਵਿਚ ਭਾਜਪਾ ਨੂੰ ਬਹੁਮਤ ਮਿਲਦਾ ਹੈ ਤਾਂ ਭੂਪੇਂਦਰ ਪਟੇਲ ਅਗਲੇ ਮੁੱਖ ਮੰਤਰੀ ਹੋਣਗੇ।”
ਪਟੇਲ ਨੇ ਸਤੰਬਰ 2021 ਵਿਚ ਵਿਜੇ ਰੂਪਾਨੀ ਦੀ ਥਾਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਹ ਭਾਜਪਾ ਲੀਡਰਸ਼ਿਪ ਦਾ ਅਜਿਹਾ ਕਦਮ ਸੀ ਜਿਸ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਸੀ। ਪਟੇਲ ਘਾਟਲੋਡੀਆ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਨੂੰ ਇਸੇ ਸੀਟ ਤੋਂ ਮੁੜ ਉਮੀਦਵਾਰ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ, ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ “ਜਨਤਕ ਸਰਵੇਖਣ” ਕਰਾਉਣ ਤੋਂ ਬਾਅਦ ਪਾਰਟੀ ਨੇਤਾ ਇਸੂਦਾਨ ਗਾਧਵੀ ਨੂੰ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ। ਕਾਂਗਰਸ ਨੇ ਚੋਣਾਂ ਲਈ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਾ ਕਰਨ ਦਾ ਫੈਸਲਾ ਕੀਤਾ ਹੈ। ਗੁਜਰਾਤ ਦੀਆਂ ਕੁੱਲ 182 ਸੀਟਾਂ ਲਈ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।