ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੂੰ ਉਨ੍ਹਾਂ ਦੀ 133ਵੀਂ ਜਯੰਤੀ ਮੌਕੇ ਅੱਜ ਨਮਨ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ। ਰਾਹੁਲ ਗਾਂਧੀ ਨੇ ਪੰਡਿਤ ਨਹਿਰੂ ਦਾ ਹਵਾਲਾ ਦਿੰਦੋ ਹੋਏ ਟਵੀਟ ਕੀਤਾ, ‘‘ਕੌਣ ਹੈ ਭਾਰਤ ਮਾਤਾ, ਇਸ ਵਿਸ਼ਾਲ ਭੂਮੀ ’ਚ ਫੈਲੇ ਭਾਰਤ ਵਾਸੀ ਸਭ ਤੋਂ ਜ਼ਿਆਦਾ ਮਾਇਨੇ ਰੱਖਦੇ ਹਨ। ਭਾਰਤ ਮਾਤਾ ਇਹ ਹੀ ਕਰੋੜਾਂ-ਕਰੋੜ ਜਨਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਡਿਤ ਨਹਿਰੂ ਦੇ ਇਨ੍ਹਾਂ ਲੋਕਤੰਤਰੀ, ਤਰੱਕੀਸ਼ੀਲ ਅਤੇ ਧਰਮਨਿਰਪੱਖ ਕਦਰਾਂ-ਕੀਮਤਾਂ ਨੂੰ ਦਿਲ ’ਚ ਲੈ ਕੇ ਚੱਲ ਰਿਹਾ ਹਾਂ। ‘ਹਿੰਦ ਦੇ ਜਵਾਹਰ’ ਦੀ ਭਾਰਤ ਮਾਤਾ ਦੀ ਰੱਖਿਆ ਲਈ।’’
ਓਧਰ ਖੜਗੇ ਨੇ ਕਿਹਾ ਕਿ ਆਧੁਨਿਕ ਭਾਰਤ ਦੇ ਨਿਰਮਾਤਾ, ਪੰਡਿਤ ਨਹਿਰੂ ਦੇ ਮਹਾਨ ਯੋਗਦਾਨ ਬਿਨਾਂ 21ਵੀਂ ਸਦੀ ਦੇ ਭਾਰਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕਈ ਚੁਣੌਤੀਆਂ ਦੇ ਬਾਵਜੂਦ ਲੋਕਤੰਤਰ ਦੇ ਇਸ ਮੋਢੀ ਅਤੇ ਉਨ੍ਹਾਂ ਦੇ ਤਰੱਕੀਸ਼ੀਲ ਵਿਚਾਰਾਂ ਨੇ ਭਾਰਤ ਦੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਵਿਕਾਸ ਨੂੰ ਹੋਰ ਅੱਗੇ ਵਧਾਇਆ। ਇਕ ਸੱਚੇ ਦੇਸ਼ ਭਗਤ ਨੂੰ ਮੇਰੀ ਨਿੱਘੀ ਸ਼ਰਧਾਂਜਲੀ। ਇਸ ਤੋਂ ਪਹਿਲਾਂ ਖੜਗੇ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਹੋਰ ਨੇਤਾਵਾਂ ਨਾਲ ਇੱਥੇ ਪੰਡਿਤ ਨਹਿਰੂ ਦੇ ਸਮਾਧੀ ਸਥਲ ‘ਸ਼ਾਂਤੀਵਨ’ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।