ਅੰਕਾਰਾ – ਤੁਰਕੀ ਪੁਲਸ ਨੇ ਰਾਜਧਾਨੀ ਇਸਤਾਂਬੁਲ ਦੇ ਮਸ਼ਹੂਰ ਇਸਤਿਕਲਾਲ ਐਵੇਨਿਊ ’ਚ ਐਤਵਾਰ ਨੂੰ ਹੋਏ ਭਿਆਨਕ ਧਮਾਕੇ ਦੀ ਘਟਨਾ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸੁਲੇਮਾਨ ਸੋਯਲੂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ’ਤੇ ਇਸਤਿਕਲਾਲ ਐਵੇਨਿਊ ਇਲਾਕੇ ’ਚ ਬੰਬ ਲਗਾਉਣ ਦਾ ਸ਼ੱਕ ਹੈ ਤੇ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦੇ ਹਨ ਕਿ ਇਸ ਘਾਤਕ ਹਮਲੇ ਦੇ ਪਿੱਛੇ ਕੁਰਦ ਲੜਾਕਿਆਂ ਦਾ ਹੱਥ ਹੋ ਸਕਦਾ ਹੈ।
ਤਕਸੀਮ ਚੌਕ ਵੱਲ ਜਾਣ ਵਾਲੇ ਇਸਤਿਕਲਾਲ ਐਵੇਨਿਊ ’ਤੇ ਐਤਵਾਰ ਨੂੰ ਹੋਏ ਭਿਆਨਕ ਧਮਾਕੇ ’ਚ 6 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਸਨ। ਅਨਾਦੋਲੂ ਅਖ਼ਬਾਰ ਏਜੰਸੀ ਨੇ ਸੋਯਲੂ ਦੇ ਹਵਾਲੇ ਤੋਂ ਕਿਹਾ, ‘‘ਜਿਸ ਵਿਅਕਤੀ ਨੇ ਬੰਬ ਰੱਖਿਆ ਸੀ, ਉਸ ਨੂੰ ਸਾਡੇ ਇਸਤਾਂਬੁਲ ਪੁਲਸ ਵਿਭਾਗ ਦੀਆਂ ਟੀਮਾਂ ਨੇ ਕੁਝ ਦੇਰ ਪਹਿਲਾਂ ਹਿਰਾਸਤ ’ਚ ਲੈ ਲਿਆ।’’
ਸੋਯਲੂ ਨੇ ਸ਼ੱਕੀ ਦੀ ਪਛਣ ਜਨਤਕ ਨਹੀਂ ਕੀਤੀ ਪਰ ਉਨ੍ਹਾਂ ਦੱਸਿਆ ਕਿ 21 ਹੋਰ ਲੋਕਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਹੈ। ਮੰਤਰੀ ਨੇ ਕਿਹਾ ਕਿ ਹੁਣ ਤਕ ਮਿਲੇ ਸਬੂਤ ਕੁਰਦਿਸਤਾਨ ਵਰਕਸ ਪਾਰਟੀ (ਪੀ. ਕੇ. ਕੇ.) ਤੇ ਉਸ ਦੇ ਸੀਰੀਆਈ ਧੜੇ ਪੀ. ਵਾਈ. ਡੀ. ਵੱਲ ਇਸ਼ਾਰਾ ਕਰਦੇ ਹਨ।