ਮੁੰਬਈ : ਦੱਖਣ ਦੇ ਸੁਪਰਸਟਾਰ ਅਤੇ ਜਨ ਸੈਨਾ ਪਾਰਟੀ ਦੇ ਪ੍ਰਧਾਨ ਪਵਨ ਕਲਿਆਣ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਐੱਫ. ਆਈ. ਆਰ. ‘ਚ ਪਵਨ ਕਲਿਆਣ ਦੋਸ਼ ਲਾਇਆ ਗਿਆ ਹੈ ਕਿ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਲੋਕਾਂ ਦੀ ਜਾਨ ਨੂੰ ਖ਼ਤਰਾ ਹੈ। ਸ਼ਿਕਾਇਤਕਰਤਾ ਪੀ ਸ਼ਿਵ ਕੁਮਾਰ ਨੇ ਦੱਸਿਆ ਹੈ ਕਿ ਤੇਜ਼ ਰਫਤਾਰ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਉਹ ਆਪਣੇ ਮੋਟਰਸਾਈਕਲ ‘ਤੇ ਸੜਕ ‘ਤੇ ਡਿੱਗ ਗਿਆ। ਉਸ ਨੇ ਅਦਾਕਾਰ ਕਲਿਆਣ ਅਤੇ ਉਸ ਦੇ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਹੋਰ ਵਾਹਨਾਂ ਨੇ ਵੀ ਕੀਤਾ ਅਦਾਕਾਰ ਦੀ ਗੱਡੀ ਦਾ ਪਿੱਛਾ
ਦੱਸ ਦਈਏ ਕਿ ਐੱਫ. ਆਈ. ਆਰ. ‘ਚ ਕਿਹਾ ਗਿਆ ਹੈ, “ਜਦੋਂ ਅਭਿਨੇਤਾ ਪਵਨ ਕਲਿਆਣ ਕਾਰ ‘ਚ ਬੈਠਾ ਸੀ, ਉਦੋਂ ਵੀ ਡਰਾਈਵਰ ਨੇ ਕਾਰ ਨੂੰ ਤੇਜ਼ ਰਫ਼ਤਾਰ ਨਾਲ ਭਜਾਇਆ, ਜਿਸ ਦਾ ਪਿੱਛਾ ਹੋਰ ਵਾਹਨਾਂ ਨੇ ਵੀ ਕੀਤਾ।” ਕਲਿਆਣ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਇਪਟਮ ਪਿੰਡ ਗਏ ਸਨ। ਇਹ ਸਾਰਾ ਮਾਮਲਾ ਕਰੀਬ ਇੱਕ ਹਫ਼ਤਾ ਪਹਿਲਾਂ ਦਾ ਹੈ, ਜਿਸ ਬਾਰੇ ਹੁਣ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਪਵਨ ਇਪਟਮ ਪਿੰਡ ਕਿਉਂ ਗਿਆ?
ਪਵਨ ਕਲਿਆਣ ਦੇ ਦੌਰੇ ਦਾ ਉਦੇਸ਼ ਇਪਟਮ ਪਿੰਡ ਦੇ ਸਥਾਨਕ ਲੋਕਾਂ ਨੂੰ ਮਿਲਣਾ ਸੀ, ਜਿਨ੍ਹਾਂ ਦੇ ਘਰ ਕਥਿਤ ਤੌਰ ‘ਤੇ ਸੜਕਾਂ ਨੂੰ ਚੌੜਾ ਕਰਨ ਲਈ ਢਾਹ ਦਿੱਤੇ ਗਏ ਸਨ। ਉਹ ਪਿੰਡ ਨੂੰ ਜਾਂਦੇ ਸਮੇਂ ਆਪਣੇ ਸੁਰੱਖਿਆ ਮੁਲਾਜ਼ਮਾਂ ਅਤੇ ਸਮਰਥਕਾਂ ਸਮੇਤ ਚੱਲਦੀ ਕਾਰ ਦੀ ਛੱਤ ‘ਤੇ ਬੈਠਾ ਸੀ।
ਉਸ ਦੀ ਕਾਰ ਦੇ ਪਿੱਛੇ ਕਈ ਗੱਡੀਆਂ ਸਨ। ਦੋਸ਼ ਹੈ ਕਿ ਉਸ ਦੀ ਕਾਰ ਤੇਜ਼ ਰਫਤਾਰ ਸੀ। ਕਲਿਆਣ ਦੇ ਕਾਫ਼ਲੇ ਨੂੰ ਮੰਗਲਾਗਿਰੀ ਸਥਿਤ ਜੇ. ਐੱਸ. ਪੀ. ਦਫ਼ਤਰ ‘ਚ ਪੁਲਸ ਨੇ ਰੋਕ ਲਿਆ। ਇਸ ਤੋਂ ਬਾਅਦ ਪੁਲਸ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਉਸ ਨੇ ਆਪਣੀ ਕਾਰ ਦੀ ਛੱਤ ‘ਤੇ ਬੈਠਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਪਵਨ ਕਲਿਆਣ ਦੇ ਕਾਫਲੇ ਦੇ ਨਾਲ-ਨਾਲ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦਾ ਪਿੱਛਾ ਵੀ ਕੀਤਾ ਗਿਆ।