ਨੈਸ਼ਨਲ ਡੈਸਕ- ਮੋਦੀ ਸਰਕਾਰ ’ਚ ਇਕ ਨਵਾਂ ਪੈਟਰਨ ਉੱਭਰ ਕੇ ਸਾਹਮਣੇ ਆਇਆ ਹੈ। ਮਹੱਤਵਪੂਰਨ ਪੋਰਟਫੋਲੀਓ ਵਾਲੇ ਕੁਝ ਮੰਤਰੀ ਬਿਨਾਂ ਕਿਸੇ ਡਰ ਦੇ ਸਿੱਧੀ ਗੱਲ ਕਰਦੇ ਹਨ। ਇਹ ਸਭ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਸ਼ੁਰੂ ਹੋਇਆ, ਜੋ ਜਿੱਥੇ ਵੀ ਜਾਂਦੇ ਹਨ, ਸਿੱਧੀ ਗੱਲ ਕਰਦੇ ਹਨ। ਪਹਿਲੇ ਵਿਦੇਸ਼ ਮੰਤਰੀ ਕੂਟਨੀਤਿਕ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਸਨ ਪਰ ਜੈਸ਼ੰਕਰ ਅਮਰੀਕਾ, ਯੂਰਪ ਜਾਂ ਇਥੋਂ ਤੱਕ ਕਿ ਰੂਸ ਦੇ ਨੇਤਾਵਾਂ ਨਾਲ ਗੱਲਬਾਤ ਦੌਰਾਨ ਕੂਟਨੀਤੀ ’ਚ ਇਕ ਨਵੀਂ ਪਟਕਥਾ ਲਿਖ ਰਹੇ ਹਨ।
ਵਿਦੇਸ਼ ਮਾਮਲਿਆਂ ’ਚ ਆਪਣੇ ਲੰਮੇ ਤਜਰਬੇ ਦੇ ਕਾਰਨ ਜੈਸ਼ੰਕਰ ਨੂੰ ਪੂਰੀ ਦੁਨੀਆ ’ਚ ਬਹੁਤ ਜ਼ਿਆਦਾ ਸਨਮਾਨ ਦਿੱਤਾ ਜਾਂਦਾ ਹੈ। ਜਦ ਅਮਰੀਕਾ ਨੇ ਪਾਬੰਦੀ ਦੇ ਬਾਵਜੂਦ ਰੂਸ ਤੋਂ ਤੇਲ ਖਰੀਦਣ ਦਾ ਮੁੱਦਾ ਉਠਾਇਆ ਤਾਂ ਉਨ੍ਹਾਂ ਨੇ ਅਮਰੀਕਾ ਨੂੰ ਦੋ-ਟੁੱਕ ਕਿਹਾ ਕਿ ਭਾਰਤ ਪੂਰੇ ਯੂਰਪ ਦੇ ਮੁਕਾਬਲੇ ਘੱਟ ਤੇਲ ਦਰਾਮਦ ਕਰ ਰਿਹਾ ਹੈ। ਦੂਜਾ ਭਾਰਤ ਅਜਿਹੀ ਨੀਤੀ ਦੀ ਪਾਲਣਾ ਕਰੇਗਾ, ਜੋ ਕਿ ਰਾਸ਼ਟਰੀ ਹਿੱਤ ’ਚ ਹੋਵੇ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੀ ਇਸ ਮਾਮਲੇ ’ਚ ਵੱਖ ਨਹੀਂ ਹੈ ਅਤੇ ਕਈ ਮੌਕਿਆਂ ’ਤੇ ਉਨ੍ਹਾਂ ਨੂੰ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੇ ਹੋਏ ਦੇਖਿਆ ਗਿਆ। ਭਾਵੇਂ ਉਹ ਸੰਸਦ ਦੇ ਅੰਦਰ ਹੋਵੇ ਜਾਂ ਬਾਹਰ। ਪੈਟਰੋਲੀਅਮ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਇਸ ਤੋਂ ਵੱਖ ਨਹੀਂ ਹਨ। ਉਹ ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਆਪਣੀਆਂ ਯਾਤਰਾਵਾਂ ਦੌਰਾਨ ਅਜਿਹਾ ਹੀ ਰਵੱਈਆ ਅਪਣਾਉਂਦੇ ਹਨ। ਮੰਤਰੀਆਂ ਦੇ ਇਸ ਨਵੇਂ ਵਰਗ ’ਚ ਸ਼ਾਮਲ ਹੋਣ ਵਾਲਿਆਂ ’ਚ ਤਾਜ਼ਾ ਨਾਂ ਕਾਨੂੰਨ ਮੰਤਰੀ ਕਿਰਨ ਰਿਜਿਜੂ ਦਾ ਹੈ। ਉਹ ਘੱਟ ਬੋਲਣ ਵਾਲੇ ਅਤੇ ਹਮੇਸ਼ਾ ਮੁਸਕਰਾਉਣ ਲਈ ਜਾਣੇ ਜਾਂਦੇ ਹਨ।
ਹਾਲਾਂਕਿ ਜਦ ਨਿਆਂਪਾਲਿਕਾ ਦੀ ਗੱਲ ਆਉਂਦੀ ਹੈ, ਤਾਂ ਉਹ ਉੱਚ ਨਿਆਂਪਾਲਿਕਾ ’ਤੇ ਨਿਸ਼ਾਨਾ ਵਿੰਨ੍ਹਦੇ ਰਹਿੰਦੇ ਹਨ। 4 ਨਵੰਬਰ ਨੂੰ ਰਿਜਿਜੂ ਨੇ ਜੱਜਾਂ ਦੀ ਨਿਯੁਕਤੀ ਦੀ ਪਾਰਦਰਸ਼ੀ ਪ੍ਰਣਾਲੀ, ਜਨਹਿੱਤ ਪਟੀਸ਼ਨ ਪ੍ਰਣਾਲੀ ਅਤੇ ਹੋਰ ਮੁੱਦਿਆਂ ਸਮੇਤ ਵੱਖ-ਵੱਖ ਮੁੱਦਿਆਂ ’ਤੇ ਉੱਚ ਨਿਆਂਪਾਲਿਕਾ ’ਤੇ ਤਿੱਖਾ ਹਮਲਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਿਛਲੇ ਕੁਝ ਮਹੀਨਿਆਂ ਦੌਰਾਨ ਨਿਆਂਪਾਲਿਕਾ ਦੇ ਕੰਮਕਾਜ ’ਤੇ ਰਿਜਿਜੂ ਦਾ ਇਹ ਚੌਥਾ ਹਮਲਾ ਸੀ। ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਖੁੱਲ੍ਹ ਕੇ ਆਪਣੇ ਵਿਚਾਰ ਰੱਖਣ ਅਤੇ ਸੰਕੋਚ ਕਰਨ ਦੀ ਲੋੜ ਨਹੀਂ ਹੈ। ਇਹ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਇਸ ’ਚ ਹੋਰ ਵੀ ਬਹੁਤ ਕੁਝ ਹੈ ਕਿਉਂਕਿ ਮੋਦੀ ਚੋਣ ਜੰਗ ਜਿੱਤਦੇ ਰਹਿੰਦੇ ਹਨ।