ਨਵੀਂ ਦਿੱਲੀ – ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਨਾਲ ਲੱਗਦੀ ਪੰਜਾਬ ਅਤੇ ਜੰਮੂ ਦੀ ਸਰਹੱਦ ’ਤੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥ, ਹਥਿਆਰ ਅਤੇ ਗੋਲਾ-ਬਾਰੂਦ ਭੇਜਣ ਦੇ ਮਾਮਲੇ 2022 ’ਚ ਦੁੱਗਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਫ਼ੋਰਸ ਨੇ ਦਿੱਲੀ ‘ਚ ਇਕ ਕੈਂਪਸ ‘ਚ ਡਰੋਨ ਦਾ ਅਧਿਐਨ ਕਰਨ ਲਈ ਹਾਲ ਹੀ ‘ਚ ਇਕ ਆਧੁਨਿਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਹੈ ਅਤੇ ਇਸ ਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਰੱਖਿਆ ਏਜੰਸੀਆਂ ਸਰਹੱਦ ਪਾਰ ਤੋਂ ਡਰੋਨ ਉਡਾਉਣ ਦੇ ਰਸਤਿਆਂ ਅਤੇ ਇਸ ਗੈਰ-ਕਾਨੂੰਨੀ ਗਤੀਵਿਧੀ ‘ਚ ਸ਼ਾਮਲ ਲੋਕਾਂ ਦੇ ਟਿਕਾਣਿਆਂ ‘ਤੇ ਵੀ ਨਜ਼ਰ ਰੱਖ ਸਕਦੀ ਹੈ। ਉਨ੍ਹਾਂ ਕਿਹਾ,”ਬੀ.ਐੱਸ.ਐੱਫ. ਕਾਫ਼ੀ ਸਮੇਂ ਤੋਂ ਡਰੋਨ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ, ਨਾਪਾਕ ਮੰਸੂਬਿਆਂ ਵਾਲੇ ਲੋਕ ਨਵੇਂ-ਨਵੇਂ ਤਰੀਕੇ ਨਾਲ ਡਰੋਨ ਦਾ ਇਸਤੇਮਾਲ ਕਰ ਰਹੇ ਹਨ। ਵੱਖ-ਵੱਖ ਤਰ੍ਹਾਂ ਦੇ ਡਰੋਨ ਦੇ ਇਸਤੇਮਾਲ ਨਾਲ ਸਾਡੇ ਲਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਕਿਉਂਕਿ ਇਨ੍ਹਾਂ ਬਾਰੇ ਘੱਟ ਜਾਣਕਾਰੀ ਉਪਲੱਬਧ ਹੈ ਅਤੇ ਇਹ ਤੇਜ਼ੀ ਨਾਲ ਉਡਾਣ ਭਰਦੇ ਹੋਏ ਸਰਹੱਦ ਪਾਰ ਕਰ ਜਾਂਦੇ ਹਨ।”
ਡੀ.ਜੀ. ਨੇ ਇਹ ਗੱਲ ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੂੰ ਜਾਣਕਾਰੀ ਦਿੰਦੇ ਹੋਏ ਕਹੀ, ਜੋ ਕਿ ਵੈਬਿਨਾਰ ਸੈਸ਼ਨ ਦੇ ਮਾਧਿਅਮ ਨਾਲ ਫੋਰੈਂਸਿਕ ਲੈਬ ਦਾ ਉਦਘਾਟਨ ਕਰਨ ਲਈ ਇਕ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸਨ। ਡਰੋਨ ਦੇ ਖ਼ਤਰੇ ਬਾਰੇ ਦੱਸਦੇ ਹੋਏ ਡੀ.ਜੀ. ਨੇ ਕਿਹਾ ਕਿ ਬੀ.ਐੱਸ.ਐੱਫ. ਨੇ 2020 ‘ਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਡਰੋਨ ਉਡਾਏ ਜਾਣ ਦੀਆਂ 79 ਘਟਨਾਵਾਂ ਬਾਰੇ ਪਤਾ ਲਗਾਇਆ ਸੀ। ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 109 ਰਹੀ ਅਤੇ ਇਸ ਸਾਲ ਇਹ ਦੁੱਗਣੀ ਤੋਂ ਵੱਧ ਰਫ਼ਤਾਰ ਨਾਲ 266 ਹੋ ਗਈ। ਸਿੰਘ ਨੇ ਕਿਹਾ,”ਡਰੋਨ ਦੇ ਉਡਾਣ ਭਰਨ ਦੇ ਸਭ ਤੋਂ ਵੱਧ 215 ਮਾਮਲੇ ਪੰਜਾਬ ‘ਚ ਸਾਹਮਣੇ ਆਏ ਹਨ, ਜੰਮੂ ‘ਚ ਕਰੀਬ 22 ਮਾਮਲੇ ਸਾਹਮਣੇ ਆਏ।” ਉਨ੍ਹਾਂ ਕਿਹਾ,”ਸਮੱਸਿਆ ਗੰਭੀਰ ਹੈ। ਸਾਡੇ ਕੋਲ ਅਜੇ ਤੱਕ ਕੋਈ ਪੂਰਾ ਹੱਲ ਨਹੀਂ ਹੈ। ਉਹ (ਡਰੋਨ) ਨਸ਼ੀਲੇ ਪਦਾਰਥ, ਹਥਿਆਰ ਅਤੇ ਗੋਲਾ-ਬਾਰੂਦ, ਜਾਅਲੀ ਮੁਦਰਾ ਆਦਿ ਲਿਆਉਂਦੇ ਹਨ।”