ਸੁਪਰੀਮ ਕੋਰਟ ਦਾ ਹੁਕਮ, ਗਿਆਨਵਾਪੀ ’ਚ ‘ਸ਼ਿਵਲਿੰਗ’ ਦੀ ਸੁਰੱਖਿਆ ਰਹੇਗੀ ਜਾਰੀ

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਵਾਰਾਣਸੀ ਦੀ ਗਿਆਨਵਾਪੀ ਮਸਜਿਦ ’ਚ ‘ਸ਼ਿਵਲਿੰਗ’ ਹੋਣ ਦੇ ਦਾਅਵੇ ਤੋਂ ਬਾਅਦ ਉਸ ਦੀ ਸੁਰੱਖਿਆ ਨਾਲ ਸਬੰਧਤ ਆਪਣੇ 17 ਮਈ ਦੇ ਅੰਤ੍ਰਿਮ ਹੁਕਮ ਨੂੰ ਸ਼ੁੱਕਰਵਾਰ ਨੂੰ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਹੈ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਪੀ. ਐੱਸ. ਨਰਸਿਮ੍ਹਾ ਦੀ ਬੈਂਚ ਨੇ ਹਿੰਦੂ ਧਿਰਾਂ ਦੀਆਂ ਪਟੀਸ਼ਨਾਂ ’ਤੇ ਇਹ ਹੁਕਮ ਸੁਣਾਇਆ। ਬੈਂਚ ਨੇ ਅਗਲੇ ਹੁਕਮਾਂ ਤੱਕ ਅੰਤ੍ਰਿਮ ਹੁਕਮ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਜਸਟਿਸ ਚੰਦਰਚੂੜ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਵੀਰਵਾਰ ਨੂੰ ਵਿਸ਼ੇਸ਼ ਜ਼ਿਕਰ ਦੌਰਾਨ ਐਡਵੋਕੇਟ ਵਿਸ਼ਨੂੰ ਸ਼ੰਕਰ ਜੈਨ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਉਹ ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ। ਬੈਂਚ ਦੇ ਸਾਹਮਣੇ ਐਡਵੋਕੇਟ ਜੈਨ ਨੇ ਸਬੰਧਤ ਖੇਤਰ ਦੀ ਸੁਰੱਖਿਆ ਸਬੰਧੀ ਅੰਤ੍ਰਿਮ ਹੁਕਮ ਦੇ 12 ਨਵੰਬਰ ਨੂੰ ਖਤਮ ਹੋਣ ਦੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਇਸ ਨੂੰ ਅੱਗੇ ਵਧਾਉਣ ਦੀ ਅਰਜ਼ੀ ’ਤੇ ਸੁਣਵਾਈ ਕਰਨ ਦੀ ਅਪੀਲ ਕੀਤੀ ਸੀ। ਚੋਟੀ ਦੀ ਅਦਾਲਤ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਗਿਆਨਵਾਪੀ ਮਸਜਿਦ ਕੰਪਲੈਕਸ ’ਚ ‘ਸ਼ਿਵਲਿੰਗ’ ਮਿਲਣ ਦਾ ਦਾਅਵਾ ਕਰਨ ਤੋਂ ਬਾਅਦ ਸਬੰਧਤ ਧਿਰਾਂ ਦੀਆਂ ਪਟੀਸ਼ਨਾਂ ਦੀ ਸੁਣਵਾਈ ਤੋਂ ਬਾਅਦ 17 ਮਈ ਨੂੰ ਵਿਵਾਦਿਤ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਅੰਤ੍ਰਿਮ ਹੁਕਮ ਦਿੱਤਾ ਸੀ।