ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਦੌਰੇ ’ਤੇ ਹਨ। ਪ੍ਰਧਾਨ ਮੰਤਰੀ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ’ਚ 10,500 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ 6 ਲੇਨ ਦੇ ਗਰੀਨਫੀਲਡ ਰਾਏਪੁਰ-ਵਿਸ਼ਾਖਾਪੱਟਨਮ ਆਰਥਿਕ ਕਾਰੀਡੋਰ ਦੇ ਆਂਧਰਾ ਪ੍ਰਦੇਸ਼ ਡਵੀਜ਼ਨ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ 3,750 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਆਰਥਿਕ ਕਾਰੀਡੋਰ ਛੱਤੀਸਗੜ੍ਹ ਅਤੇ ਓਡੀਸ਼ਾ ਦੇ ਉਦਯੋਗਿਕ ਨੋਡਸ ਵਿਚਾਲੇ ਵਿਸ਼ਾਖਾਪਟਨਮ ਬੰਦਰਗਾਹ ਅਤੇ ਪਿਛੜੇ ਖੇਤਰਾਂ ’ਚ ਕੁਨੈਕਟੀਵਿਟੀ ’ਚ ਵੀ ਸੁਧਾਰ ਕਰੇਗਾ।
ਪ੍ਰਧਾਨ ਮੰਤਰੀ ਨੇ 2900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਆਂਧਰਾ ਪ੍ਰਦੇਸ਼ ’ਚ ਓ. ਐੱਨ. ਜੀ. ਸੀ. ਦੀ ਯੂ-ਫੀਲਡ ਆਨਸ਼ੋਰ ਡੀਪ ਵਾਟਰ ਬਲਾਕ ਪ੍ਰਾਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ 450 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਿਸ਼ਾਖਾਪੱਟਨਮ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਦਾ ਨੀਂਹ ਪੱਥਰ ਰੱਖਿਆ। ਮੁੜ ਵਿਕਾਸ ਸਟੇਸ਼ਨ ਰੋਜ਼ਾਨਾ 75,000 ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰ ਕੇ ਯਾਤਰੀ ਅਨੁਭਵ ’ਚ ਸੁਧਾਰ ਕਰੇਗਾ। ਪ੍ਰਧਾਨ ਮੰਤਰੀ ਨੇ ਵਿਸ਼ਾਖਾਪੱਟਨਮ ਫਿਸ਼ਿੰਗ ਹਾਰਬਰ ਦੇ ਆਧੁਨਿਕੀਕਰਨ ਅਤੇ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਾਜੈਕਟ ਦੀ ਕੁੱਲ ਲਾਗਤ 150 ਕਰੋੜ ਰੁਪਏ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਖਾਪਟਨਮ ਵਿਚ ਕਿਹਾ ਕਿ ਵਿਸ਼ਾਖਾਪਟਨਮ ਪ੍ਰਾਚੀਨ ਭਾਰਤ ਦੀ ਇਕ ਮਹੱਤਵਪੂਰਨ ਬੰਦਰਗਾਹ ਸੀ। ਇਸ ਰਾਹੀਂ ਸੰਸਾਰ ਭਰ ’ਚ ਵਪਾਰ ਹੁੰਦਾ ਸੀ। ਅੱਜ ਵੀ ਵਿਸ਼ਾਖਾਪਟਨਮ ਭਾਰਤ ਵਿਚ ਵਪਾਰ ਦਾ ਕੇਂਦਰ ਹੈ। ਵਿਸ਼ਾਖਾਪਟਨਮ ਅਜੇ ਵੀ ਦੇਸ਼ ਦੇ ਵਪਾਰ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਏਕੀਕ੍ਰਿਤ ਪਹੁੰਚ ਅਪਣਾਈ ਹੈ। ਇਹ ਯੋਜਨਾਵਾਂ ਸਵੈ-ਨਿਰਭਰ ਭਾਰਤ ਦਾ ਇਕ ਨਵਾਂ ਰਾਹ ਖੋਲ੍ਹਣਗੀਆਂ।\