ਭਾਜਪਾ ਨੂੰ ਠੱਗ ਸੁਕੇਸ਼ ਨੂੰ ਬਣਾ ਦੇਣਾ ਚਾਹੀਦੈ ਆਪਣਾ ਰਾਸ਼ਟਰੀ ਪ੍ਰਧਾਨ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਆਪਣਾ ਰਾਸ਼ਟਰੀ ਪ੍ਰਧਾਨ ਬਣਾ ਦੇਣਾ ਚਾਹੀਦਾ, ਕਿਉਂਕਿ ਉਹ ਭਗਵਾ ਦਲ ਦੀ ਹੀ ਭਾਸ਼ਾ ਬੋਲ ਰਿਹਾ ਹੈ। ਕੇਜਰੀਵਾਲ ਨੇ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਭਾਜਪਾ ਚੰਦਰਸ਼ੇਖਰ ਨੂੰ ਇਕ ਸਟਾਰ ਪ੍ਰਚਾਰਕ ਵਜੋਂ ਆਪਣੇ ਪਾਲੇ ‘ਚ ਲਿਆਈ ਹੈ। ਕੇਜਰੀਵਾਲ ਨੇ ਕਿਹਾ,”ਭਾਜਪਾ ਮੇਰੇ ‘ਲਾਈ ਡਿਟੈਕਟਰ ਟੈਸਟ’ ਦੀ ਮੰਗ ਕਰਦੀ ਹੈ ਅਤੇ ਸੁਕੇਸ਼ ਚੰਦਰਸ਼ੇਖਰ ਵੀ ਇਹੀ ਮੰਗ ਕਰਦਾ ਹੈ। ਉਹ ਇਕ ਹੀ ਭਾਸ਼ਾ ਬੋਲਦੇ ਹਨ। ਉਹ ਹੁਣ ਭਾਜਪਾ ‘ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਨਾਲ ਸਿਖਲਾਈ ਪ੍ਰਾਪਤ ਹਨ।”
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ,”ਮੈਂ ਸੁਣਿਆ ਹੈ ਕਿ ਮੋਦੀ ਜੀ ਦੇ ਰੋਡ ਸ਼ੋਅ ‘ਚ ਭੀੜ ਨਹੀਂ ਜੁਟ ਰਹੀ ਹੈ। ਉਨ੍ਹਾਂ ਨੂੰ ਉਨ੍ਹਾਂ ਰੋਡ ਸ਼ੋਅ ‘ਚ ਸੁਕੇਸ਼ ਚੰਦਰਸ਼ੇਖਰ ਨੂੰ ਲਿਆਉਣਾ ਚਾਹੀਦਾ। ਉਸ ਨੇ ਲੋਕਾਂ ਨੂੰ ਕਿਵੇਂ ਧੋਖਾ ਦਿੱਤਾ, ਇਸ ਨਾਲ ਸੰਬੰਧਤ ਉਸ ਕੋਲ ਇੰਨੀਆਂ ਕਹਾਣੀਆਂ ਹਨ ਕਿ ਲੋਕ ਉਸ ਨੂੰ ਦੇਖਣ ਅਤੇ ਸੁਣਨ ਲਈ ਆਉਣਗੇ। ਅਸਲ ‘ਚ, ਉਸ ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਜਾਣਾ ਚਾਹੀਦਾ।” ਚੰਦਰਸ਼ੇਖਰ ਨੇ ਕੇਜਰੀਵਾਲ ਅਤੇ ਜੇਲ੍ਹ ‘ਚ ਬੰਦ ਮੰਤਰੀ ਸਤੇਂਦਰ ਜੈਨ ‘ਤੇ ਭ੍ਰਿਸ਼ਟਾਚਾਰ ਅਤੇ ਜ਼ਬਰਨ ਵਸੂਲੀ ਦਾ ਦੋਸ਼ ਲਗਾਉਂਦੇ ਹੋਏ ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਕਈ ਪੱਤਰ ਲਿਖੇ ਹਨ।