ਵੱਡੀਆਂ ਚੁਣੌਤੀਆਂ ਦੇ ਬਾਵਜੂਦ ਸੁਖਬੀਰ ਬਾਦਲ ਦੀ ਪਕੜ ਸ਼੍ਰੋਮਣੀ ਕਮੇਟੀ ’ਤੇ ਰਹੀ ਬਰਕਰਾਰ

ਜਲੰਧਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਇਸ ਵਾਰ ਕਈ ਪੱਖਾਂ ਤੋਂ ਰੌਚਕ ਸੀ। ਪਿਛਲੇ ਦੋ ਦਹਾਕਿਆਂ ਉਪਰੰਤ ਪਹਿਲੀ ਵਾਰ ਇਸ ਚੋਣ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਨਾ ਸਿਰਫ਼ ਪੁੱਛ-ਪ੍ਰਤੀਤ ਵਧਾਈ, ਸਗੋਂ ਅੱਗੇ ਤੋਂ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਹਰ ਪਾਰਟੀ ਆਪਣੀ ਹਿੱਕ ਨਾਲ ਲਾ ਕੇ ਰੱਖੇਗੀ ਕਿਉਂਕਿ ਸਾਲ ਬਾਅਦ ਆਉਣ ਵਾਲੀ ਮੁੜ ਪ੍ਰਧਾਨਗੀ ਦੀ ਚੋਣ ਸਮੇਂ ਕਮੇਟੀ ਮੈਂਬਰ ਆਪਣੀ ਨਾਰਾਜ਼ਗੀ ਪ੍ਰਗਟਾ ਕੇ ਕਿਸੇ ਹੋਰ ਦੇ ਕੰਧਾੜੇ ਚੜ੍ਹ ਸਕਦੇ ਹਨ ਅਤੇ ਹਰ ਪਾਰਟੀ ਨੂੰ ਹੁਣ ਇਨ੍ਹਾਂ ਮੈਂਬਰਾਂ ਦੀ ਕੀਮਤ ਨਜ਼ਰ ਆਉਣ ਲੱਗ ਪਈ ਹੈ।
ਇਸ ਵਾਰ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਤੋਂ ਬਾਗੀ ਹੋਈ ਬੀਬੀ ਜਗੀਰ ਕੌਰ ਵਿਚਾਲੇ ਸੀ ਪਰ ਇਸ ਮੁਕਾਬਲੇ ਨੂੰ ਅਮਲੀ-ਜਾਮਾ ਪਹਿਨਾਉਣ ਲਈ ਬਹੁਤ ਸਾਰੀਆਂ ਤਾਕਤਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਨੂੰ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੇ ਚਿੱਤ ਕੀਤਾ, ਸਗੋਂ ਬਾਗੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਬੁਰੀ ਤਰ੍ਹਾਂ ਹਰਾਇਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਇਕ ਮਹੀਨਾ ਪਹਿਲਾਂ ਹੀ ਭਿਣਕ ਲੱਗ ਗਈ ਸੀ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਖੋਹਣ ਲਈ ਪੱਬਾਂ ਭਾਰ ਹੋਈਆਂ ਪਈਆਂ ਹਨ। ਸੁਖਬੀਰ ਬਾਦਲ ਨੇ ਮੈਂਬਰਾਂ ਨਾਲ ਮੀਟਿੰਗਾਂ ਦਾ ਦੌਰ ਆਰੰਭਿਆ ਤਾਂ ਸਪੱਸ਼ਟ ਹੋਣ ਲੱਗ ਪਿਆ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਵੱਡੇ ਭਾਜਪਾ ਨੇਤਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਭਰਮਾਉਣ ਲਈ ਹਰ ਹੀਲਾ ਵਰਤ ਰਹੇ ਹਨ। ਸੁਖਬੀਰ ਬਾਦਲ ਨੇ ਵੀ ਮੋਰਚਾ ਸੰਭਾਲਦਿਆਂ ਮਾਲਵਾ, ਦੋਆਬਾ ਅਤੇ ਮਾਝੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਕਮੇਟੀ ਮੈਂਬਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਗੁੱਸੇ-ਗਿਲੇ ਦੂਰ ਕਰਦਿਆਂ ਕਮੇਟੀ ਮੈਂਬਰਾਂ ਨੂੰ ਸੁਖਬੀਰ ਬਾਦਲ ਨੇ ਮਨਾ ਕੇ ਅਕਾਲੀ ਦਲ ਨਾਲ ਤੋਰ ਲਿਆ। ਭਾਵੇਂ ਕਿ ਮੈਂਬਰਾਂ ’ਤੇ ਭਾਜਪਾ ਤੇ ਪੰਜਾਬ ਸਰਕਾਰ ਦਾ ਭਾਰੀ ਦਬਾਅ ਵੇਖਣ ਨੂੰ ਮਿਲ ਰਿਹਾ ਸੀ। ਸੁਖਬੀਰ ਬਾਦਲ ਬਹੁਤ ਸਾਰੇ ਕਮੇਟੀ ਮੈਂਬਰਾਂ ਦੇ ਘਰ ਗਏ ਅਤੇ ਉਨ੍ਹਾਂ ਦੇ ਗਿਲੇ-ਸ਼ਿਕਵੇ ਦੂਰ ਕੀਤੇ।
ਸੁਖਬੀਰ ਬਾਦਲ ਨੂੰ ਨਾ ਸਿਰਫ਼ ਕੇਂਦਰ ਸਰਕਾਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਸਗੋਂ ਪੰਜਾਬ ਸਰਕਾਰ, ਸੰਯੁਕਤ ਅਕਾਲੀ ਦਲ ਅਤੇ ਹਰਿਆਣਾ ਦੀ ਖੱਟੜ ਸਰਕਾਰ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬੀਬੀ ਜਗੀਰ ਕੌਰ ਦੇ ਹੱਕ ’ਚ ਭੁਗਤਾਉਣ ਲਈ ਪੂਰੀ ਟਿੱਲ ਲਾ ਰਹੀ ਸੀ। ਇਕੱਲੇ ਸੁਖਬੀਰ ਬਾਦਲ ਨੇ ਇਕੋ ਸਮੇਂ ਕਈ ਚੁਣੌਤੀਆਂ ਨੂੰ ਨਾ ਸਿਰਫ਼ ਮਧੋਲਿਆ, ਸਗੋਂ ਉਨ੍ਹਾਂ ਦੀ ਪਕੜ ਵੀ ਅਕਾਲੀ ਦਲ ’ਤੇ ਮਜ਼ਬੂਤ ਹੋਈ ਹੈ। ਸੁਖਬੀਰ ਬਾਦਲ ਸੁਖਦੇਵ ਸਿੰਘ ਢੀਂਡਸਾ ਦੇ ਦੋ ਸ਼੍ਰੋਮਣੀ ਕਮੇਟੀ ਮੈਬਰਾਂ ਨੂੰ ਆਪਣੇ ਵੱਲ ਖਿੱਚਣ ’ਚ ਕਾਮਯਾਬ ਰਹੇ। ਜੇ ਮੌਜੂਦਾ ਸਰਕਾਰਾਂ ਦਾ ਕਮੇਟੀ ਮੈਂਬਰਾਂ ’ਤੇ ਦਬਾਅ ਨਾ ਹੁੰਦਾ ਤਾਂ ਸ਼ਾਇਦ ਬੀਬੀ ਜਗੀਰ ਕੌਰ ਦੀਆਂ ਵੋਟਾਂ 20 ਤੋਂ ਵੀ ਨਾ ਟੱਪਦੀਆਂ।
ਅਕਾਲੀ ਦਲ ਦੇ ਲੀਡਰ ਆਏ ਦਿਨ ਦੋਸ਼ ਲਾਉਂਦੇ ਸਨ ਕਿ ਕਮੇਟੀ ਮੈਂਬਰਾਂ ਨੂੰ ਸਰਕਾਰੀ ਧਿਰਾਂ ਵੱਲੋਂ ਵੱਡੀਆਂ ਆਫ਼ਰਾਂ ਦੇ ਨਾਲ-ਨਾਲ ਹੱਥ ਸੁਖਾਲਾ ਕਰਨ ਲਈ ਨੋਟਾਂ ਦੇ ‘ਗੱਫੇ’ ਵੀ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਕਮੇਟੀ ਮੈਂਬਰ ਥਿੜਕੇ ਨਹੀਂ। ਜਿਹੜੇ ਮੈਂਬਰ ਬੀਬੀ ਜਗੀਰ ਕੌਰ ਦੇ ਹੱਕ ’ਚ ਭੁਗਤੇ ਉਹ ਭਾਜਪਾ, ‘ਆਪ’, ਕਾਂਗਰਸ, ਸੰਯੁਕਤ ਅਕਾਲੀ ਦਲ ਅਤੇ ਮਾਨ ਧੜੇ ਨਾਲ ਸਬੰਧਤ ਸਨ। ਅਕਾਲੀ ਦਲ ਦੇ ਮੈਂਬਰਾਂ ’ਚ ਸੰਨ੍ਹ ਲਾਉਣ ਦੀ ਬੀਬੀ ਨੂੰ ਕੋਈ ਖਾਸ ਸਫਲਤਾ ਨਹੀਂ ਮਿਲੀ। ਸਾਰੀਆਂ ਵਿਰੋਧੀ ਤਾਕਤਾਂ ਇਕਜੁੱਟ ਹੋ ਕੇ ਬੀਬੀ ਨੂੰ 42 ਵੋਟਾਂ ਹੀ ਦਿਵਾ ਸਕੀਆਂ, ਜਦਕਿ ਸੁਖਬੀਰ ਬਾਦਲ ਦੀ ਕਮੇਟੀ ਮੈਂਬਰਾਂ ’ਤੇ ਪਕੜ ਬਰਕਰਾਰ ਰਹੀ।
ਭਾਜਪਾ ਪੱਖੀ ਮੈਂਬਰ
ਜਿਹੜੇ ਮੈਂਬਰ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਦੇ ਹੱਕ ’ਚ ਕਥਿਤ ਭੁਗਤੇ ਉਨ੍ਹਾਂ ਵਿਚ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਵਾਲੇ ਫਤਿਹਗੜ੍ਹ ਸਾਹਿਬ, ਜਸਵੰਤ ਸਿੰਘ ਪੂਰਨੀਆਂ ਜ਼ਿਲ੍ਹਾ ਲੁਧਿਆਣਾ, ਅਮਰੀਕ ਸਿੰਘ ਸ਼ਾਹਪੁਰ ਗੁਰਦਾਸਪੁਰ, ਬਾਬਾ ਅਵਤਾਰ ਸਿੰਘ ਘਰਿਆਲਾ ਵਾਲੇ ਤਰਨਤਾਰਨ, ਹਰਦੀਪ ਸਿੰਘ ਮੋਹਾਲੀ, ਸੁਖਦੇਵ ਸਿੰਘ ਭੌਰ ਨਵਾਂਸ਼ਹਿਰ (ਅਖੰਡ ਅਕਾਲੀ ਦਲ), ਨਿਰਮਲ ਸਿੰਘ ਜੌਲਾ-ਡੇਰਾਬੱਸੀ, ਬੀਬੀ ਜਸਵਿੰਦਰ ਕੌਰ ਜ਼ੀਰਾ, ਬਲਦੇਵ ਸਿੰਘ ਚੂੰਘਾ ਬਰਨਾਲਾ, ਮੇਜਰ ਸਿੰਘ ਢਿੱਲੋਂ ਰਾਮਪੁਰਾ ਫੂਲ, ਬੀਬੀ ਕੁਲਦੀਪ ਕੌਰ ਟੌਹੜਾ (ਇਹ ਸਾਰੇ ਮੈਂਬਰ ਬੀਬੀ ਨਾਲ ਸਬੰਧਤ ਹਨ) ਸ਼ਾਮਲ ਹਨ।
‘ਆਪ’ ਨਾਲ ਸਬੰਧਤ
‘ਆਪ’ ਨਾਲ ਸਬੰਧਤ ਮੈਂਬਰਾਂ ਵਿਚ ਸਰਬੰਸ ਸਿੰਘ ਮਾਨਕੀ ਸਮਰਾਲਾ ਜ਼ਿਲ੍ਹਾ ਲੁਧਿਆਣਾ ਅਤੇ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਸ਼ਾਮਲ ਹਨ।
ਕਾਂਗਰਸ ਦੇ ਦੁਲਾਰੇ ਮੈਂਬਰ
ਕਾਂਗਰਸ ਪਾਰਟੀ ਦੇ ਮੈਂਬਰਾਂ ’ਚ ਸੁਖਜੀਤ ਸਿੰਘ ਕਾਕਾ ਸਾਬਕਾ ਵਿਧਾਇਕ ਧਰਮਕੋਟ, ਬੀਬੀ ਜਸਪਾਲ ਕੌਰ ਮਹਿਰਾਜ ਬਠਿੰਡਾ ਅਤੇ ਪਰਮਜੀਤ ਸਿੰਘ ਰਾਏਪੁਰ ਜਲੰਧਰ ਸ਼ਾਮਲ ਹਨ।
ਢੀਂਡਸਾ ਦੇ ਚਹੇਤੇ
ਇਸੇ ਤਰ੍ਹਾਂ ਸੰਯੁਕਤ ਅਕਾਲੀ ਦਲ ਦੇ ਮੈਂਬਰ ਜਿਹੜੇ ਬੀਬੀ ਨੂੰ ਭੁਗਤੇ, ਉਨ੍ਹਾਂ ਵਿਚ ਜਸਪਾਲ ਸਿੰਘ ਮੰਡੀਆਂ ਮਾਲੇਰਕੋਟਲਾ, ਮਲਕੀਤ ਸਿੰਘ ਚੰਗਾਲ ਸੰਗਰੂਰ, ਹਰਪ੍ਰੀਤ ਸਿੰਘ ਗਰਚਾ ਲੁਧਿਆਣਾ, ਜੁਗਰਾਜ ਸਿੰਘ ਦੌਧਰ ਮੋਗਾ ਅਤੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਮਾਨਸਾ ਸ਼ਾਮਲ ਹਨ। ਅਕਾਲੀ ਦਲ ਮਾਨ ਦੀ ਇਕੋ ਬੀਬੀ ਸ਼ਰਨਜੀਤ ਕੌਰ ਧੂਰੀ ਨੇ ਬੀਬੀ ਨੂੰ ਵੋਟ ਪਾਈ ਹੈ।
ਭਾਜਪਾ ਨੇੜਲੇ
ਇਨ੍ਹਾਂ ’ਚ ਹਰਪਾਲ ਸਿੰਘ ਜੱਲ੍ਹਾ ਪਾਇਲ, ਸੁਰਜੀਤ ਸਿੰਘ ਗੜ੍ਹੀ ਰਾਜਪੁਰਾ ਅਤੇ ਹਰਭਜਨ ਸਿੰਘ ਚੀਮਾ ਸਾਬਕਾ ਵਿਧਾਇਕ ਉਤਰਾਖੰਡ ਸ਼ਾਮਲ ਹਨ।
ਹਰਿਆਣਾ ਦੇ ਮੈਂਬਰ
ਹਰਿਆਣਾ ਦੀ ਭਾਜਪਾ ਸਰਕਾਰ ਦੇ ਦਬਾਅ ਹੇਠ ਬੀਬੀ ਨੂੰ ਵੋਟਾਂ ਪਾਉਣ ਵਾਲੇ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਭੁਪਿੰਦਰ ਅਸੰਧ, ਬਲਦੇਵ ਸਿੰਘ ਖਾਲਸਾ ਹਿਸਾਰ, ਹਰਪਾਲ ਸਿੰਘ ਪਾਲੀ ਅੰਬਾਲਾ ਅਤੇ ਅਮਰੀਕ ਸਿੰਘ ਜਨੇਤਪੁਰ ਅੰਬਾਲਾ ਆਦਿ। ਇਸੇ ਤਰ੍ਹਾਂ ਸੰਤ ਸਮਾਜ ਰੋਡੇ ਦੇ ਮੈਂਬਰ ਜਗਤਾਰ ਸਿੰਘ ਰੋਡੇ (ਮੋਗਾ ਤੋਂ ਨਾਮਜ਼ਦ ਮੈਂਬਰ ਅਤੇ ਸੰਤ ਚਰਨਜੀਤ ਸਿੰਘ ਹੁਸ਼ਿਆਰਪੁਰ ਤੋਂ ਨਾਮਜ਼ਦ ਮੈਂਬਰ) ਵੀ ਬੀਬੀ ਦੇ ਹੱਕ ’ਚ ਗਏ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਡਾ. ਜੰਗ ਬਹਾਦਰ ਸਿੰਘ ਰਾਏ ਗੜ੍ਹਸ਼ੰਕਰ, ਜਿਨ੍ਹਾਂ ਨੇ ਇਸ ਵਾਰ ਵਿਧਾਨ ਸਭਾ ਚੋਣ ਵੀ ਲੜੀ ਸੀ, ਵੀ ਬੀਬੀ ਦੇ ਨਾਲ ਖੜ੍ਹੇ। ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਸੁਖਬੀਰ ਬਾਦਲ ਦੀ ਸ਼੍ਰੋਮਣੀ ਕਮੇਟੀ ਮੈਂਬਰਾਂ ’ਤੇ ਪਕੜ ਬਰਕਰਾਰ ਸੀ ਅਤੇ ਉਹ ਇਸ ਸੰਘਰਸ਼ ’ਚੋਂ ਉਭਰ ਕੇ ਨਿਕਲੇ ਅਤੇ ਵਿਰੋਧੀਆਂ ਨੂੰ ਪਸਤ ਕਰਨ ’ਚ ਕਾਮਯਾਬ ਰਹੇ।