ਮੁੰਬਈ- ਅੱਤਵਾਦੀ ਹਮਲੇ ਦੇ ਖ਼ਤਰੇ ਦੇ ਮੱਦੇਨਜ਼ਰ ਮੁੰਬਈ ਪੁਲਸ ਨੇ 13 ਨਵੰਬਰ ਤੋਂ 12 ਦਸੰਬਰ ਤੱਕ ਡਰੋਨ, ਰਿਮੋਟ ਨਾਲ ਚੱਲਣ ਵਾਲੇ ਜਹਾਜ਼ (ਏਅਰਕ੍ਰਾਫਟ), ਪੈਰਾਗਲਾਈਡਰ, ਨਿੱਜੀ ਹੈਲੀਕਾਪਟਰ ਅਤੇ ਗਰਮ ਹਵਾ ਦੇ ਗੁਬਾਰਿਆਂ ਦੇ ਉਡਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਹੁਕਮ 26 ਨਵੰਬਰ 2008 ਨੂੰ ਮੁੰਬਈ ’ਚ ਹੋਏ ਘਾਤਕ ਅੱਤਵਾਦੀ ਹਮਲੇ ਦੀ ਬਰਸੀ ਮੌਕੇ ਜਾਰੀ ਕੀਤਾ ਗਿਆ ਹੈ, ਜਿਸ ’ਚ 166 ਲੋਕ ਮਾਰੇ ਗਏ ਸਨ। ਸਿਟੀ ਪੁਲਸ ਨੇ ਇਹ ਹੁਕਮ ਫ਼ੌਜਦਾਰੀ ਜਾਬਤਾ (ਸੀ. ਆਰ. ਪੀ. ਸੀ.) ਦੀ ਧਾਰਾ-144 ਤਹਿਤ ਜਾਰੀ ਕੀਤੇ ਹਨ।
ਹੁਕਮ ਮੁਤਾਬਿਕ, ‘‘ਇਹ ਸੰਭਾਵਨਾ ਹੈ ਕਿ ਅੱਤਵਾਦੀ ਸੰਭਾਵੀ ਹਮਲਿਆਂ ਨੂੰ ਅੰਜਾਮ ਦੇਣ ਲਈ ਡਰੋਨ, ਰਿਮੋਟ ਨਾਲ ਚੱਲਣ ਵਾਲੇ ਜਹਾਜ਼ (ਏਅਰਕ੍ਰਾਫਟ), ਪੈਰਾਗਲਾਈਡਰਸ ਦੀ ਵਰਤੋਂ ਕਰ ਸਕਦੇ ਹਨ। ਇਸ ਤਰ੍ਹਾਂ ਉਹ ਵੀ. ਵੀ. ਆਈ. ਪੀਜ਼ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤੇ ਵੱਡੇ ਪੱਧਰ ’ਤੇ ਮਨੁੱਖੀ ਜੀਵਨ ਨੂੰ ਖ਼ਤਰੇ ’ਚ ਪਾ ਸਕਦੇ ਹਨ, ਜਨਤਕ ਜਾਇਦਾਦ ਨੂੰ ਤਬਾਹ ਕਰਦੇ ਹਨ ਅਤੇ ਕਾਨੂੰਨ ਵਿਵਸਥਾ ’ਚ ਵਿਗਾੜ ਪੈਦਾ ਕਰ ਸਕਦੇ ਹਨ।’’