ਦਿੱਲੀ ਨਗਰ ਨਿਗਮ ਚੋਣਾਂ ਲਈ ਕੇਜਰੀਵਾਲ ਨੇ 10 ਗਾਰੰਟੀਆਂ ਦਾ ਕੀਤਾ ਐਲਾਨ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ 4 ਦਸੰਬਰ ਨੂੰ ਹੋਣ ਵਾਲੀਆਂ ਦਿੱਲੀ ਨਗਰ ਨਿਗਮ ਚੋਣਾਂ (ਐੱਮ.ਸੀ.ਡੀ.) ਲਈ ‘ਆਪ’ ਦੀਆਂ 10 ਗਾਰੰਟੀਆਂ ਦਾ ਐਲਾਨ ਕੀਤਾ। ਜਿਸ ‘ਚ ਸ਼ਹਿਰ ‘ਚ ਤਿੰਨ ਲੈਂਡਫਿਲ (ਕੂੜਾ) ਸਾਈਟਾਂ ਨੂੰ ਸਾਫ਼ ਕਰਨਾ, ਨਗਰ ਨਿਗਮ ‘ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਅਤੇ ਕਰਮੀਆਂ ਨੂੰ ਸਮੇਂ ‘ਤੇ ਤਨਖਾਹ ਦਾ ਭੁਗਤਾਨ ਸ਼ਾਮਲ ਹੈ। ਕੇਜਰੀਵਾਲ ਨੇ ਇਕ ਪੱਤਰਕਾਰ ਸੰਮੇਲਨ ‘ਚ ਕਿਹਾ,”ਆਪ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦੀ ਹੈ, ਭਾਜਪਾ ਜਿਸ ‘ਚ ਆਪਣੇ 15 ਸਾਲ ਦੇ ਕਾਰਜਕਾਲ ‘ਚ ਕੁਝ ਨਹੀਂ ਕੀਤਾ।” ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਿੱਲੀ ਨਗਰ ਨਿਗਮ ਚੋਣਾਂ ‘ਚ 20 ਤੋਂ ਵੱਧ ਸੀਟਾਂ ਨਹੀਂ ਜਿੱਤੇਗੀ।
ਕੇਜਰੀਵਾਲ ਨੇ ਇਹ 10 ਗਾਰੰਟੀਆਂ ਦਿੱਤੀਆਂ ਹਨ:-
1- ਦਿੱਲੀ ਨੂੰ ਸਾਫ਼-ਸੁਥਰਾ ਬਣਾਵਾਂਗੇ, ਦਿੱਲੀ ਦੇ ਤਿੰਨ ਕੂੜੇ ਦੇ ਪਹਾੜਾਂ ਨੂੰ ਖ਼ਤਮ ਕਰਾਂਗੇ ਅਤੇ ਕੋਈ ਵੀ ਨਵਾਂ ਕੂੜੇ ਦਾ ਪਹਾੜ ਨਹੀਂ ਬਣਨ ਦੇਵਾਂਗੇ। ਸੜਕਾਂ ਅਤੇ ਗਲੀਆਂ ਦੀ ਸ਼ਾਨਦਾਰ ਸਫ਼ਾਈ ਕਰਾਂਗੇ, ਕੂੜਾ ਮੈਨੇਜਮੈਂਟ ਲਈ ਲੰਡਨ ਪੈਰਿਸ ਦੇ ਲੋਕ ਬੁਲਾਵਾਂਗੇ।
2- ਭ੍ਰਿਸ਼ਟਾਚਾਰ ਮੁਕਤ ਐੱਮ.ਸੀ.ਡੀ. ਬਣਾਵਾਂਗੇ, ਨਵੇਂ ਨਕਸ਼ੇ ਦੀ ਪ੍ਰੋਸੈੱਸ ਨੂੰ ਸਰਲ ਅਤੇ ਆਨਲਾਈਨ ਬਣਾਵਾਂਗੇ।
3- ਪਾਰਕਿੰਗ ਦੀ ਸਮੱਸਿਆ ਦਾ ਸਥਾਈ ਅਤੇ ਸਹੀ ਹੱਲ ਕਰਾਂਗੇ।
4- ਅਵਾਰਾ ਪਸ਼ੂਆਂ ਦਾ ਹੱਲ
5- ਨਗਰ ਨਿਗਮ ਦੀਆਂ ਸੜਕਾਂ ਠੀਕ ਕਰਾਂਗੇ।
6- ਨਗਰ ਨਿਗਮ ਦੇ ਸਕੂਲਾਂ ਅਤੇ ਹਸਪਤਾਲਾਂ ਨੂੰ ਸ਼ਾਨਦਾਰ ਬਣਾਵਾਂਗੇ।
7- ਨਗਰ ਨਗਿਮ ਦੀਆਂ ਪਾਰਕਾਂ ਨੂੰ ਸ਼ਾਨਦਾਰ ਬਣਾਵਾਂਗੇ, ਦਿੱਲੀ ਨੂੰ ਸੁੰਦਰ ਪਾਰਕ ਦੀ ਨਗਰੀ ਬਣਾਵਾਂਗੇ।
8- ਸਾਰੇ ਕੱਚੇ ਕਰਮੀਆਂ ਨੂੰ ਪੱਕਾ ਕਰਾਂਗੇ, ਹਰ ਮਹੀਨੇ 7 ਤਾਰੀਖ਼ ਤੋਂ ਪਹਿਲਾਂ ਤਨਖਾਹ ਮਿਲੇਗੀ।
9- ਲਾਇਸੈਂਸ ਦੀ ਪ੍ਰਕਿਰਿਆ ਨੂੰ ਸਰਲ ਅਤੇ ਆਨਲਾਈਨ ਕਰਾਂਗੇ, ਸੀਲ ਕੀਤੀਆਂ ਗਈਆਂ ਦੁਕਾਨਾਂ ਖੋਲ੍ਹਾਂਗੇ।
10- ਰੇਹੜੀ-ਪੱਟੜੀ ਵਾਲਿਆਂ ਨੂੰ ਵੈਂਡਿੰਗ ਜੋਨ ‘ਚ ਜਗ੍ਹਾ ਮਿਲੇਗੀ।