ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਚਾਰ ਦਸੰਬਰ ਨੂੰ ਹੋਣ ਵਾਲੀਆਂ ਦਿੱਲੀ ਨਗਰ ਦੀਆਂ ਚੋਣਾਂ ‘ਤੇ ਰੋਕ ਲਗਾਉਣ ਤੋਂ ਬੁੱਧਵਾਰ ਨੂੰ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਜੱਜ ਸਤੀਸ਼ ਚੰਦਰ ਸ਼ਰਮਾ ਅਤੇ ਜੱਜ ਸੁਬਰਮਣੀਅਮ ਪ੍ਰਸਾਦ ਦੀ ਬੈਂਚ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਅਤੇ ਇਹ ਅਟੱਲ ਰਹੇਗੀ। ਬੈਂਚ ਨੇ ਕਿਹਾ,”ਚੋਣ ਕਮਿਸ਼ਨ ਦੀ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ। ਹੁਣ ਅਸੀਂ ਇਸ ਨੂੰ ਛੂਹ ਨਹੀਂ ਸਕਦੇ।” ਰਾਜ ਚੋਣ ਕਮਿਸ਼ਨ ਨੇ ਐੱਮ.ਸੀ.ਡੀ. ਚੋਣ ਦਾ ਪ੍ਰੋਗਰਾਮ ਚਾਰ ਨਵੰਬਰ ਨੂੰ ਐਲਾਨ ਕੀਤਾ। ਇਸ ਨੁਸਾਰ, ਨਗਰ ਨਗਿਮ ਦੇ 250 ਵਾਰਡਾਂ ਲਈ ਵੋਟਿੰਗ 4 ਦਸੰਬਰ ਨੂੰ ਹੋਵੇਗੀ ਅਤੇ ਨਤੀਜਿਆਂ ਦਾ ਐਲਾਨ 7 ਦਸੰਬਰ ਨੂੰ ਕੀਤਾ ਜਾਵੇਗਾ।
ਵਾਰਡਾਂ ਦੀ ਹੱਦਬੰਦੀ ਅਤੇ ਰਾਖਵਾਂਕਰਨ ਆਦਿ ਨੂੰ ਚੁਣੌਤੀ ਦੇਣ ਵਾਲੀਆਂ ਤਿੰਨ ਪਟੀਸ਼ਨਾਂ ਬੁੱਧਵਾਰ ਨੂੰ ਸੁਣਵਾਈ ਲਈ ਹਾਈ ਕੋਰਟ ‘ਚ ਸੂਚੀਬੱਧ ਸਨ। ਬੈਂਚ ਨੇ ਪਟੀਸ਼ਨਕਰਤਾਵਾਂ ‘ਤੇ ਨੋਟਿਸ ਜਾਰੀ ਕਰ ਕੇ ਕੇਂਦਰ, ਦਿੱਲੀ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਸੀ ਅਤੇ ਅਗਲੀ ਸੁਣਵਾਈ ਲਈ 15 ਦਸੰਬਰ ਦੀ ਤਾਰੀਖ਼ ਕੀਤੀ। ਸੁਣਵਾਈ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਹੋਣ ਤੱਕ ਚੋਣ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ। ਹਾਲਾਂਕਿ ਬੈਂਚ ਨੇ ਅਪੀਲ ਖਾਰਜ ਕਰ ਦਿੱਤੀ ਅਤੇ ਕਿਹਾ, ਇਕ ਵਾਰ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਅਸੀਂ ਉਸ ‘ਤੇ ਸਟੇਅ ਆਰਡਰ ਨਹੀਂ ਜਾਰੀ ਕਰ ਸਕਦੇ।”