ਗੁਜਰਾਤ ਵਿਧਾਨ ਸਭਾ ਚੋਣਾਂ: ਭਾਜਪਾ ਨੇ 160 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ- ਭਾਜਪਾ ਪਾਰਟੀ ਨੇ 182 ਮੈਂਬਰੀ ਗੁਜਰਾਤ ਵਿਧਾਨ ਸਭਾ ਦੇ ਦੋ ਗੇੜ ’ਚ ਹੋਣ ਵਾਲੀ ਚੋਣਾਂ ਲਈ 160 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਅੱਜ ਯਾਨੀ ਕਿ ਵੀਰਵਾਰ ਨੂੰ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਭੁਪਿੰਦਰ ਪਟੇਲ ਨੂੰ ਉਨ੍ਹਾਂ ਦੇ ਚੋਣ ਖੇਤਰ ਘਾਟਲੋਢੀਆ ਤੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਕਈ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੇ ਗਏ ਹਨ। ਪਾਰਟੀ ਨੇ 1 ਦਸੰਬਰ ਨੂੰ ਪਹਿਲੇ ਗੇੜ ’ਚ 89 ਸੀਟਾਂ ’ਤੇ ਹੋਣ ਵਾਲੀਆਂ ਚੋਣਾਂ ਲਈ 84 ਉਮੀਦਵਾਰਾਂ ਦੇ ਨਾਂ ਐਲਾਨੇ ਹਨ ਅਤੇ 5 ਦਸੰਬਰ ਨੂੰ ਦੂਜੇ ਗੇੜ ਦੀਆਂ ਚੋਣਾਂ ਲਈ 93 ਸੀਟਾਂ ’ਚੋਂ 76 ’ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਭਾਜਪਾ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀ. ਆਰ. ਪਾਟਿਲ ਨਾਲ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਅਤੇ ਮਨਸੁਖ ਮਾਂਡਵੀਆ ਨੇ ਇੱਥੇ ਇਕ ਪੱਤਰਕਾਰ ਸੰਮੇਲਨ ’ਚ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਸੂਚੀ ’ਚ 14 ਔਰਤਾਂ, ਅਨੁਸੂਚਿਤ ਜਾਤੀ ਦੇ 13 ਅਤੇ ਅਨੁਸੂਚਿਤ ਜਨਜਾਤੀ ਦੇ 24 ਉਮੀਦਵਾਰ ਸ਼ਾਮਲ ਹਨ। ਯਾਦਵ ਨੇ ਕਿਹਾ ਕਿ ਸੂਚੀ ’ਚ 69 ਮੌਜੂਦਾ ਵਿਧਾਇਕ ਸ਼ਾਮਲ ਹਨ। ਕਈ ਮੌਜੂਦਾ ਵਿਧਾਇਕਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਗਈ ਹੈ। ਭਾਜਪਾ ਨੂੰ 1995 ਤੋਂ ਸੂਬਾ ਵਿਧਾਨ ਸਭਾ ਚੋਣਾਂ ’ਚ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਣ ਦੀ ਉਮੀਦ ਹੈ।