ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
6 ਨਵੰਬਰ 2022 ਦਾ ਦਿਨ ਸੀ। ਸਾਡੇ ਸਿਰਮੌਰ ਲੇਖਕ ਬਲਵੰਤ ਗਾਰਗੀ ਨੂੰ ਉਸ ਦੇ ਜੰਮਣ ਸਥਾਨ ਪਿੰਡ ਸ਼ਹਿਣਾ (ਜ਼ਿਲ੍ਹਾ ਬਰਨਾਲਾ) ਇੱਕ ਵੱਡੇ ਸਮਾਗਮ ‘ਚ ਚੇਤੇ ਕਰ ਰਿਹਾ ਸੀ। ਸਮਾਗਮ ਰਾਜ ਪੱਧਰੀ ਸੀ ਅਤੇ ਸਮਾਗਮ ਵਾਲੇ ਸਕੂਲ ਦੀ ਪ੍ਰਿੰਸੀਪਲ ਸੀ ਸਾਡੇ ਹਰਮਨ ਪਿਆਰੇ ਸ਼ਾਇਰ ਸੰਤ ਰਾਮ ਉਦਾਸੀ ਦੀ ਬੇਟੀ ਡਾ. ਇਕਬਾਲ ਕੌਰ ਉਦਾਸੀ। ਵਧੀਆ ਪ੍ਰਬੰਧ ਸਨ ਅਤੇ ਬਰਨਾਲੇ ਅ ਦਾ ਭਾਸ਼ਾ ਵਿਭਾਗ ਤੇ ਪਟਿਆਲਾ ਹੈੱਡ ਦਫ਼ਤਰ ਤੋਂ ਡਾਇਰੈਕਟਰ ਵੀਰਪਾਲ ਕੌਰ ਵੀ ਆਏ ਹੋਏ ਸਨ, ਪਰ ਦੁਖ ਦੀ ਗੱਲ ਸੀ ਕਿ ਬਰਨਾਲੇ ਸ਼ਹਿਰ ਦਾ ਇਕ ਵੀ ਲੇਖਕ ਉਥੇ ਹਾਜ਼ਰ ਨਹੀਂ ਸੀ।
ਮੈਂ ਅੰਦਰੋਂ ਅੰਦਰ ਬੜਾ ਦੁਖੀ ਹੋ ਰਿਹਾ ਸਾਂ ਕਿ ਆਹ ਕਦਰ ਐ ਲੇਖਕਾਂ ਦੀ ਸਾਡੇ ਰਾਜ ‘ਚ ਅਤੇ ਖ਼ਾਸ ਕਰ ਉਨਾਂ ਦੇ ਖੁਦ ਦੇ ਖਿੱਤਿਆਂ ‘ਚ? ਲੇਖਕ ਹੀ ਲੇਖਕ ਨੂੰ ਨਕਾਰਦੇ ਨੇ ਅਤੇ ਦੋਸ਼ ਅਸੀਂ ਸਰਕਾਰਾਂ ਸਿਰ ਥੋਪਦੇ ਰਹਿੰਦੇ ਹਾਂ? ਅੱਜਕੱਲ੍ਹ ਲੇਖਕਾਂ ਅਤੇ ਸਾਹਿਤਕਾਰਾਂ ਦੇ ਮਹਿਕਮੇ ਭਾਸ਼ਾ ਵਿਭਾਗ ਪੰਜਾਬ ਦਾ ਕੈਬਨਿਟ ਮੰਤਰੀ ਮੀਤ ਹੇਅਰ ਹੈ। ਵਾਤਾਵਰਣ ਦਾ ਮਹਿਕਮਾ ਵੀ ਮੀਤ ਹੇਅਰ ਕੋਲ ਹੈ। ਇਸ ਵੇਲੇ ਭਗਵੰਤ ਮਾਨ ਦੀ ਸਰਕਾਰ ‘ਚ ਸਭ ਤੋਂ ਵਧੀਆ ਅਤੇ ਘੱਟ ਬੋਲਣ ਵਾਲੇ ਅਤੇ ਖ਼ੁਦ ਲੋਕਾਂ ਨੂੰ ਵੱਧ ਸੁਣਨ ਵਾਲੇ ਤੇ ਫ਼ਿਰ ਵੀ, ਜੇਕਰ ਕੋਈ ਤੱਤੀ ਠੰਢੀ ਸੁਣਾ ਜਾਵੇ, ਅੱਗੋਂ ਜੀ ਆਇਆਂ ਨੂੰ ਆਖ ਕੇ ਅਤੇ ਮੰਦ ਮੰਦ ਮੁਸਕਰਾਉਣ ਵਾਲੇ ਮੰਤਰੀ ਮੀਤ ਹੇਅਰ ਨੂੰ ਖ਼ੂਬ ਜਾਣਿਆ ਜਾਂਦਾ ਹੈ ਪੰਜਾਬ ਵਿੱਚ।
***
1 ਨਵੰਬਰ 2022 ਦਾ ਦਿਨ ਸੀ ਤੇ ਭਾਸ਼ਾ ਵਿਭਾਗ ‘ਚ ਪਟਿਆਲੇ ਮਨਾਇਆ ਜਾ ਰਿਹਾ ਸੀ ਮਾਤ ਭਾਸ਼ਾ ਦਿਵਸ। ਦੋਸਤਾਂ ਨੇ ਮੈਨੂੰ ਫ਼ੋਨ ਕਰ ਕੇ ਦੱਸਿਆ ਕਿ ਮੰਤਰੀ ਮੀਤ ਹੇਅਰ ਲੇਟ ਆਇਆ ਸੀ ਅਤੇ ਉਹਨੇ ਆਉਣ ਸਾਰ ਮੁਆਫ਼ੀ ਮੰਗੀ ਲੇਟ ਆਉਣ ਦੀ। ਉਹ ਮੰਚ ‘ਤੇ ਬੈਠਾ ਹੀ ਸੀ ਕਿ ਉਸ ਦੀ ਨਜ਼ਰ ਉਸੇ ਵੇਲੇ ਹੀ ਆਪਣੇ ਸ਼ਹਿਰ ਬਰਨਾਲੇ ਦੇ ਉਘੇ ਲੇਖਕ ਅਤੇ ਸ਼੍ਰੋਮਣੀ ਸਾਹਿਤ ਰਤਨ ਬਾਪੂ ਓਮ ਪ੍ਰਕਾਸ਼ ਗਾਸੋ (93 ਸਾਲਾ) ‘ਤੇ ਪੈ ਗਈ। ਉਹ ਮੰਚ ਤੋਂ ਬੈਰੀਕੇਡ ਤੋੜ ਕੇ ਹੇਠਾਂ ਨੂੰ ਉਤਰਦਾ ਹੈ ਅਤੇ ਲੇਖਕਾਂ ਨੂੰ ਕੋਲ ਜਾ-ਜਾ ਕੇ ਮਿਲਦਾ ਗਿਲਦਾ ਹੈ ਅਤੇ ਗਾਸੋ ਜੀ ਦੇ ਗੋਡੇ ਹੱਥ ਲਾਉਂਦਾ ਹੈ, ਕਹਿੰਦਾ ਹੈ ਕਿ ਪਾਪਾ ਜੀ, ਆਸ਼ੀਰਵਾਦ ਦਿਓ, ਸਾਡੇ ਇਲਾਕੇ ਦਾ ਮਾਣ ਓ ਆਪ ਜੀ।
ਇਸ ਗੱਲ ਦੀ ਖ਼ਾਸੀ ਚੰਗੀ ਚਰਚਾ ਸੋਸ਼ਲ ਮੀਡੀਆ ‘ਤੇ ਹੋਈ ਦੇਖੀ ਮੈਂ। ਗਾਸੋ ਜੀ ਮੈਨੂੰ ਫ਼ੋਨ ‘ਤੇ ਆਖਣ ਲੱਗੇ, ”ਨਿੰਦਰ ਬੇਟਾ, ਇਕ ਹਜ਼ਾਰ ਬੰਦਾ ਬੈਠਾ ਸੀ ਅਤੇ ਸਾਰੇ ਸਿਰਕੱਢ ਲੇਖਕ ਅਤੇ ਪੰਜਾਬ ਦੇ ਵਿਦਵਾਨ ਸਨ। ਏਹ ਮੁੰਡਾ ਤਾਂ ਮੈਨੂੰ ਮੁੱਲ ਹੀ ਲੈ ਗਿਆ, ਐਨੀ ਨਿਮਰਤਾ ਯਾਰ ਏਸ ਬੱਚੇ ‘ਚ? ਖ਼ਰੀਦ ਲਿਐ ਉਹਦੇ ਵਿਵਹਾਰ ਅਤੇ ਵਤੀਰੇ ਨੇ ਨਿੰਦਰ ਪੁੱਤਰਾ ਮੈਨੂੰ, ਐਨੀ ਛੋਟੀ ਜਿਹੀ ਉਮਰ ਅਤੇ ਕੈਬਨਿਟ ਮੰਤਰੀ ਬਣ ਕੇ ਵੀ ਐਨੀ ਹਲੀਮੀ ਮੀਤ ਹੇਅਰ ‘ਚ ਐ ਪੁੱਤਰਾ—।” ਇਹ ਦੱਸਦਿਆਂ ਬਾਪੂ ਗਾਸੋ ਚਹਿਕ ਰਿਹਾ ਸੀ ਅਤੇ ਠਹਾਕੇ ਲਾ ਲਾ ਹੱਸ ਰਿਹਾ ਸੀ।
***
ਮੈਨੂੰ ਮੀਤ ਹੇਅਰ ਦੇ ਇਸ ਚੰਗੇ ਵਤੀਰੇ ਦੀ ਖ਼ੁਸ਼ੀ ਹੋਈ ਕਿਉਂਕ ਉਹ ਮੇਰੀ ਹਮੇਸ਼ਾ ਵੱਡੇ ਭਰਾ ਦੇ ਤੌਰ ‘ਤੇ ਕਦਰ ਕਰਦਾ ਹੈ। ਇਥੇ ਇਸ ਮੌਕੇ ਮੈਨੂੰ ਕਈ ਮੰਤਰੀ ਤੇ ਕਈ ਲੇਖਕ ਤਾ ਕਲਾਕਾਰ ਚੇਤੇ ਆਏ ਨੇ, ਅਤੇ ਗਿਆਨੀ ਜ਼ੈਲ ਸਿੰਘ ਜੀ ਦੀ ਵੀ ਯਾਦ ਆਈ ਐ। ਗਿਆਨੀ ਜੈਲ ਸਿੰਘ ਦੂਰੋਂ ਈ ਕਲਾਕਾਰਾਂ ਅਤੇ ਲੇਖਕਾਂ ਨੂੰ ਪਛਾਣਦੇ ਸਨ ਅਤੇ ਆਵਾਜ਼ ਦੇ ਕੇ ਆਪਣੇ ਕੋਲ ਬੁਲਾਉਂਦੇ ਸਨ। ਉਸਤਾਦ ਯਮਲਾ ਜੱਟ ਅਤੇ ਪ੍ਰੋ. ਕਿਰਪਾਲ ਸਿੰਘ ਕਸੇਲ ਸਮੇਤ ਮੇਰੇ ਕੋਲ ਸੈਂਕੜੇ ਉਦਾਹਰਣਾਂ ਨੇ ਉਨਾਂ ਲੋਕਾਂ ਦੀਆਂ। ਖੈਰ!
***
ਮੀਤ ਹੇਅਰ ਦੀ ਦਿਲੀ ਇੱਛਾ ਹੈ ਕਿ ਉਸ ਦੇ ਹਲਕੇ ਬਰਨਾਲੇ ਦੀ ਸਾਹਿਤਕ ਰਾਜਧਾਨੀ ਦੀ ਕੋਈ ਕਦਰ ਪਵੇ ਅਤੇ ਉਹ ਯਤਨਸ਼ੀਲ ਵੀ ਪੂਰਾ ਹੈ ਅਤੇ ਬੜਾ ਕੁਝ ਲੇਖਕਾਂ ਖਾਤਰ ਕਰਨਾ ਚਾਹੁੰਦਾ ਹੈ।
****
6 ਨਵੰਬਰ ਨੂੰ ਬਾਤਾਂ ਪਈਆਂ ਬਲਵੰਤ ਗਾਰਗੀ ਜੀ ਦੇ ਪਿੰਡ ਸ਼ਹਿਣੇ ਜਾ ਕੇ। ਮੀਤ ਨੇ ਸਭਨਾਂ ਨੂੰ ਖੂਬ ਮੋਹ ਤੇ ਸਨੇਹ ਦਿੱਤਾ। ਪੰਜਾਬ ‘ਚ ਬਰਨਾਲਾ ਸ਼ਹਿਰ ਲੇਖਕਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ ਅਤੇ ਬਰਨਾਲੇ ਨੂੰ ਪੰਜਾਬ ਦੀ ਸਾਹਿਤਕ ਰਾਜਧਾਨੀ ਵੀ ਆਖਦੇ ਨੇ ਸਾਰੇ ਲੇਖਕ। ਮੀਤ ਨੇ ਬਰਨਾਲੇ ਇਕ ਲੇਖਕ ਭਵਨ ਉਸਾਰਣ ਦੀ ਸਕੀਮ ਬਣਾਈ ਹੈ ਤਾਂ ਕਿ ਲੇਖਕ ਉਥੇ ਸਮਾਗਮ ਕਰ ਸਕਣ। ਲਾਇਬਰੇਰੀ ਹੋਵੇ। ਬਹਿਣ ਉਠਣ ਰੋਜ਼ ਵਾਂਗ। ਇਨਾਂ ਨੇਕ ਯਤਨਾਂ ਵਾਸਤੇ ਮੀਤ ਹੇਅਰ ਮੁਬਾਰਕਬਾਦ ਦਾ ਹੱਕਦਾਰ ਹੈ। ਆਪਣੇ ਭਾਸ਼ਣ ‘ਚ ਮੀਤ ਹੇਅਰ ਨੇ ਜਿਥੇ ਗਾਰਗੀ ਜੀ ਨੂੰ ਯਾਦ ਕੀਤਾ, ਉਥੇ ਬਰਨਾਲੇ ਜ਼ਿਲ੍ਹੇ ਦੇ ਹੋਰਨਾਂ ਲੇਖਕਾਂ ਰਾਮ ਸਰੂਪ ਅਣਖੀ ਤੇ ਦਵਿੰਦਰ ਸਤਿਆਰਥੀ ਨੂੰ ਵੀ ਚੇਤੇ ਕੀਤਾ ਤੇ ਸੰਤ ਰਾਮ ਉਦਾਸੀ ਦੇ ਮਕਬੂਲ ਗੀਤ ਤੂੰ ਮਘਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ ਦੀ ਮਹੱਤਤਾ ਵੀ ਬਿਆਨੀ।
*****
ਪੰਜਾਬ ‘ਚ ਇਹ ਅਕਸਰ ਆਖਿਆ ਜਾਂਦਾ ਹੈ ਕਿ ਸਿੱਖਿਆ ਮੰਤਰੀ ਬਣਨਾ, ਕੰਡਿਆਂ ਦਾ ਤਾਜ ਪਹਿਨਣ ਦੇ ਬਾਰਾਬਰ ਹੁੰਦਾ ਹੈ। ਚਾਹੇ ਕੋਈ ਵੀ ਸਰਕਾਰ ਹੋਵੇ, ਅਤੇ ਕੋਈ ਵੀ ਸਮਾਂ ਹੋਵੇ, ਸਿੱਖਿਆ ਮੰਤਰੀ ਨੂੰ ਮਾਸਟਰ ਅਤੇ ਮਾਸਟਰਨੀਆਂ ਘੇਰਦੇ ਹੀ ਘੇਰਦੇ ਨੇ ਅਤੇ ਕੰਮ ਕਰਨ ਦਾ ਮੌਕਾ ਨਹੀਂ ਦਿੰਦੇ। ਜਦ ਭਗਵੰਤ ਮਾਨ ਦੀ ਸਰਕਾਰ ਅਜੇ ਬਣੀ ਬਣੀ ਹੀ ਸੀ ਤਾਂ ਮੀਤ ਹੇਅਰ ਪੰਜਾਬ ਦੇ ਸਿੱਖਿਆ ਮੰਤਰੀ ਬਣੇ ਸਨ। ਮਹੀਨਾ ਕੁ ਵਧੀਆ ਲੰਘ ਗਿਆ ਸੀ। ਮਾਸਟਰ ਅਤੇ ਮਾਸਟਰਨੀਆਂ ਸ਼ਾਂਤ ਰਹੇ ਸਨ। ਮੀਤ ਹੇਅਰ ਹਾਲੇ ਨੌਜਵਾਨ ਹੈ ਅਤੇ ਜਗਿਆਸੂ ਵੀ। ਠੰਢੇ ਸੁਭਾਅ ਦਾ ਹੋਣ ਕਰ ਕੇ ਮਾਸਟਰ ਤਬਕੇ ਦੀ ਗੱਲ ਗਹੁ ਨਾਲ ਸੁਣਦਾ ਰਿਹਾ। ਉਸ ਦੇ ਪਿਤਾ ਚਮਕੌਰ ਸਿੰਘ ਹੇਅਰ ਬਿਜਲੀ ਬੋਰਡ ‘ਚ ਵੱਡੀ ਪੋਸਟ ‘ਤੇ ਰਹੇ ਹਨ। ਮੈਨੂੰ ਕਈ ਮਾਸਟਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਤਬਕੇ ਨੂੰ ਵੀ ਇਹ ਗੱਲ ਚੰਗੀ ਲੱਗ ਰਹੀ ਸੀ ਕਿ ਉਨਾਂ ਦਾ ਮੰਤਰੀ ਉਨਾਂ ਨਾਲ ਹਮਦਰਦੀ ਪੂਰਨ ਵਤੀਰਾ ਰੱਖ ਰਿਹਾ ਹੈ, ਪਰ ਮਾਸਟਰ -ਮਾਸਟਰਨੀਆਂ ਦੇ ਮੂੰਹਾਂ ‘ਤੇ ਮੁਰਦਾਬਾਦ ਚੜ੍ਹਿਆ ਹੀ ਹੁੰਦਾ ਹੈ, ਚਾਹੇ ਕੋਈ ਸਰਕਾਰ ਵੀ ਹੋਵੇ। ਇਹ ਕੋਈ ਨਵੀਂ ਗੱਲ ਨਹੀਂ ਅਤੇ ਇਹ ਹੋਣਾ ਹੀ ਸੀ।
ਮੀਤ ਹੇਅਰ ਦੇ ਪਾਸ ਕੇਵਲ ਸਿੱਖਿਆ ਦਾ ਹੀ ਮਹਿਕਮਾ ਨਹੀਂ ਸਗੋਂ ਰਾਜ ਦੀ ਭਾਸ਼ਾ ਪੰਜਾਬੀ ਦਾ ਵੱਕਾਰੀ ਮਹਿਕਮਾ ਹੋਣ ਕਰ ਕੇ ਹੋਰ ਵੀ ਕਾਰਜ ਕਰਨ ਵਾਲੇ ਪਏ ਨੇ, ਪਰ ਮੈਂ ਵੇਖਿਆ ਹੈ ਕਿ ਉਸਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀ। ਉਸ ਦੀ ਚੰਗੀ ਗੱਲ ਇਹ ਵੀ ਲੱਗ ਰਹੀ ਹੈ ਕਿ ਉਹ ਰੋਜ਼ ਹੀ ਪਿੰਡਾਂ ਦੇ ਸਕੂਲਾਂ ‘ਚ ਬੱਚਿਆਂ ਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣਨ ਜਾਂਦਾ ਰਿਹਾ ਤੇ ਦੂਰ ਦੁਰੇਡੇ ਪੇਂਡੂ ਸਕੂਲਾਂ ‘ਚ ਗਿਆ ਅਤੇ ਬੱਚਿਆਂ ‘ਚ ਬੱਚਾ ਬਣ ਕੇ ਬਹਿ ਗਿਆ। ਇਸ ਕਾਲਮ ਦਾ ਅੰਤ ਗਾਰਗੀ ਦੀ ਗੱਲ ਬਿਨਾਂ ਅਧੂਰਾ ਰਹੇਗਾ। ਸ਼ਹਿਣੇ ਪਿੰਡ ਵਾਲੇ ਖੁਸ਼ ਸਨ ਕਿ ਪਹਿਲੀ ਵਾਰ ਗਾਰਗੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਨਹਿਰੀ ਵਿਸ਼ਰਾਮ ਘਰ ਵਾਲੀ ਖੁਰਦੀ ਕੋਠੜੀ ‘ਚ ਫ਼ੇਰੀ ਪਾਉਣ ਕੈਬਨਿਟ ਮੰਤਰੀ ਆਇਆ ਹੈ। ਇਸੇ ਪਿੰਡ ਦਾ ਖੇਡ ਲੇਖਕ ਤੇ ਲੋਕ ਸੰਪਰਕ ਅਫ਼ਸਰ ਨਵਦੀਪ ਗਿੱਲ ਸੰਬੋਧਨ ਕਰਦਿਆਂ ਕਹਿ ਰਿਹਾ ਸੀ ਕਿ ਬਲਵੰਤ ਗਾਰਗੀ ਕਾਰਣ ਸਾਡਾ ਸ਼ਹਿਣਾ ਪਿੰਡ ਅਮਰ ਹੋ ਗਿਆ ਹੈ।