ਇੱਕ ਹੋਰ ਦਿਨ, ਜ਼ਿੰਦਗੀ ਦੇ ਰੋਲਰ-ਕੋਸਟਰ ‘ਤੇ ਇੱਕ ਹੋਰ ਯਾਤਰਾ। ਇੱਕ ਪਲ, ਅਸੀਂ ਸਫ਼ਲਤਾ ਦੀ ਪੌੜੀ ਚੜ੍ਹ ਰਹੇ ਹਾਂ। ਅਗਲੇ ਹੀ ਪਲ, ਅਸੀਂ ਖ਼ੁਦ ਨੂੰ ਅਨਿਸ਼ਚਿਤਤਾ ਦੀ ਖਾਈ ‘ਚ ਹੇਠਾਂ ਡਿਗਦਾ ਪਾਉਂਦੇ ਹਾਂ। ਮੋੜ ਤੰਗ ਹਨ। ਪੌੜੀਆਂ ਦੀ ਢਲਾਨ ਬਹੁਤ ਸਿੱਧੀ ਹੈ ਅਤੇ ਪਹਾੜੀਆਂ ਦੇ ਸਿਖਰ ‘ਤੇ ਮੌਜੂਦ ਮੈਦਾਨ ਬਹੁਤ ਭੁਲੇਖਾ ਪਾਊ। ਜੀਵਨ ਦੇ ਦੋ ਬੇਚੈਨ ਕਰ ਦੇਣ ਵਾਲੇ ਨਾਟਕਾਂ ਦਰਮਿਆਨ ਸਥਿਰਤਾ ਕੇਵਲ ਇੱਕ ਆਰਜ਼ੀ ਅਵੱਸਥਾ ਹੀ ਹੈ। ਕੀ ਇਹ ਇੱਕ ਬੁਰੀ ਗੱਲ ਹੈ? ਇਹ ਨਿਰਭਰ ਕਰਦਾ ਹੈ ਕਿ ਤੁਹਾਡੀ ਤਵੱਕੋ ਕੀ ਹੈ। ਜ਼ਿੰਦਗੀ ਤੋਂ ਉਨ੍ਹਾਂ ਚੀਜ਼ਾਂ ਨੂੰ ਹਾਸਿਲ ਕਰਨ ਦੀ ਆਸ ਨਾ ਰੱਖੋ ਜੋ ਉਹ ਪ੍ਰਦਾਨ ਕਰ ਹੀ ਨਹੀਂ ਸਕਦੀ – ਬੱਸ ਉਸ ਲਈ ਸ਼ੁਕਰਗ਼ੁਜ਼ਾਰ ਹੋਵੋ ਜੋ ਉਹ ਸਪੱਸ਼ਟ ਤੌਰ ‘ਤੇ ਤੁਹਾਨੂੰ ਦੇਣਾ ਚਾਹ ਰਹੀ ਹੈ। ਇਹ, ਦਰਅਸਲ, ਬਨਿਸਬਤਨ ਵਧੇਰੇ ਚੰਗਾ ਹੈ।

ਮਸ਼ਹੂਰ ਅਮਰੀਕੀ ਗੀਤਕਾਰ ਅਤੇ ਗਾਇਕ ਪੌਲ ਸਾਈਮਨ ਨੇ ਇੱਕ ਬੇਹੱਦ ਖ਼ੂਬਸੂਰਤ ਗੀਤ ਲਿਖਿਆ ਸੀ One Man’s
Ceiling Is Another Man’s Floor ਜਿਸ ਦੇ ਸ਼ਾਬਦਿਕ ਅਰਥ ਹਨ ਇੱਕ ਵਿਅਕਤੀ ਦਾ ਅਰਸ਼ ਕਿਸੇ ਦੂਸਰੇ ਦਾ ਫ਼ਰਸ਼ ਹੁੰਦਾ ਹੈ। ਪ੍ਰਤੱਖ ਰੂਪ ਨਾਲ ਇੱਕ ਅਪਾਰਟਮੈਂਟ ਬਿਲਡਿੰਗ ‘ਚ ਜੀਵਨ ਦੀ ਗੱਲ ਕਰਦੇ ਹੋਏ, ਇਹ ਗੀਤ ਇਹ ਨਿਚੋੜ ਕੱਢਦਾ ਹੈ ਕਿ ਸਾਡੀਆਂ ਆਪਣੀਆਂ ਸੀਮਾਵਾਂ ਬਾਰੇ ਕਿਵੇਂ ਵੱਖੋ-ਵੱਖਰੇ ਵਿਚਾਰ ਹੁੰਦੇ ਹਨ। ਸਾਡੇ ‘ਚੋਂ ਕੁਝ ਉਸ ਨੂੰ ਕਦੇ ਹਾਸਿਲ ਨਹੀਂ ਕਰ ਸਕਦੇ ਜਿਸ ਦੀ ਸਾਡੇ ‘ਚੋਂ ਕੁਝ ਹੋਰ ਪਰਵਾਹ ਤਕ ਨਹੀਂ ਕਰਦੇ। ਸਾਡੇ ‘ਚੋਂ ਕੁਝ ਨੂੰ ਉਹ ਸ਼ੈਅ ਬਹੁਤ ਸ਼ਿੱਦਤ ਨਾਲ ਲੋੜੀਂਦੀ ਹੋ ਸਕਦੀ ਹੈ ਜਿਸ ਤੋਂ ਕੁਝ ਹੋਰ ਓਨੀ ਹੀ ਸ਼ਿੱਦਤ ਨਾਲ ਖਹਿੜਾ ਛੁਡਾਉਣਾ ਚਾਹੁੰਦੇ ਹੋਣ। ਤੁਹਾਡਾ ਚੈਲੈਂਜ ਹੈ ਇਸ ਸਭ ਦਰਮਿਆਨ ਆਪਣੀਆਂ ਸੀਮਾਵਾਂ ਨੂੰ ਚੰਗੀ ਤਰ੍ਹਾਂ ਨਿਸ਼ਚਿਤ ਕਰਨਾ ਜਦੋਂ ਕਿ ਕਿਸੇ ਦੂਸਰੇ ਦੀਆਂ ਹੱਦਾਂ ਦਾ ਸਨਮਾਨ ਕਰਨਾ ਸਿੱਖਣਾ। ਇਸ ਚੁਣੌਤੀ ਦਾ ਮੁਕਾਬਲਾ ਕਰਨਾ ਉਸ ਤੋਂ ਵਧੇਰੇ ਸੌਖਾ ਹੈ ਜਿੰਨਾ ਦੇਖਣ ਨੂੰ ਲੱਗਦੈ।

ਚੱਕੇ ਨੂੰ ਮੁੜ ਈਜਾਦ ਕਰਨ ਦੀ ਕੀ ਲੋੜ ਹੈ? ਕਿਸੇ ਨੇ ਪਹਿਲਾਂ ਹੀ ਉਸ ਮਸਲੇ ਦਾ ਹੱਲ ਕੱਢ ਲਿਆ ਹੈ ਜਿਸ ਨਾਲ ਤੁਸੀਂ ਮੱਥਾ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਨੂੰ ਕੇਵਲ ਉਸ ਵਿਅਕਤੀ ਨੂੰ ਲੱਭਣ ਦੀ ਲੋੜ ਹੈ ਜਿਹੜਾ ਪਹਿਲਾਂ ਹੀ ਅਜਿਹੀ ਸਥਿਤੀ ‘ਚੋਂ ਲੰਘ ਚੁੱਕਾ ਹੈ, ਅਤੇ ਉਸ ਦੀ ਸਲਾਹ ਲੈਣ ਦੀ ਆਪਣੀ ਝਿਝਕ ‘ਤੇ ਕਾਬੂ ਪਾਉਣ ਦੀ। ਇਹ ਠੀਕ ਹੈ ਕਿ ਔਖੇ ਤਰੀਕੇ ਨਾਲ ਸਿੱਖੇ ਸਬਕ ਤੋਂ ਬਿਹਤਰ ਹੋਰ ਕੋਈ ਚੀਜ਼ ਨਹੀਂ ਹੁੰਦੀ, ਪਰ ਤੁਹਾਡੇ ਕੋਲ ਨਾ ਤਾਂ ਵਕਤ ਹੈ ਅਤੇ ਨਾ ਹੀ ਸ਼ਕਤੀ, ਇਹ ਤਜਰਬਾ ਹਾਸਿਲ ਕਰਨ ਲਈ ਖ਼ੁਦ ਨੂੰ ਉਸ ਸਾਰੇ ਝਮੇਲੇ ‘ਚ ਪਾਉਣ ਦੀ ਜਿਸ ਦੀ ਲੋੜ ਪਵੇਗੀ। ਬਹੁਤ ਕੁਝ ਦਾਅ ‘ਤੇ ਲੱਗਾ ਹੋਇਐ। ਆਪਣਾ ਮਾਣ ਇੱਕ ਪਾਸੇ ਰੱਖੋ ਅਤੇ ਖ਼ੁਦ ਨੂੰ ਕਮਜ਼ੋਰ ਦਿਖਣ ਦਿਓ। ਜੋ ਤੁਹਾਨੂੰ ਚਾਹੀਦਾ ਹੈ, ਉਹ ਤੁਹਾਨੂੰ ਮਿਲੇਗਾ ਜਦੋਂ ਤੁਸੀਂ ਇੱਕ ਵਾਰ ਉਸ ਨੂੰ ਸੱਚੇ ਦਿਲੋਂ ਮੰਗੋਗੇ।

ਕੁਝ ਚੀਜ਼ਾਂ, ਇੰਝ ਲੱਗਦੈ, ਜਿਵੇਂ ਕਦੇ ਮੁਕਣ ਦਾ ਨਾਮ ਹੀ ਨਹੀਂ ਲੈਂਦੀਆਂ। ਸ਼ਾਇਦ ਇਹ ਕਦੇ ਵੀ ਸ਼ੁਰੂ ਨਾ ਹੋਣ ਤੋਂ ਤਾਂ ਚੰਗਾ ਹੀ ਹੈ। ਜਾਂ, ਫ਼ਿਰ … ਚਲੋ ਛੱਡੋ, ਇਸ ਵਕਤ ਤੁਹਾਨੂੰ ਕੇਵਲ ਇਸ ਗੱਲ ਬਾਰੇ ਸਪੱਸ਼ਟ ਹੋਣ ਦੀ ਲੋੜ ਹੈ ਕਿ, ਤੁਹਾਡੇ ਸੰਸਾਰ ‘ਚ ਕਿਤੇ, ਇੱਕ ਸਵਾਲ ਦਾ ਜਵਾਬ ਲੱਭਣਾ ਹਾਲੇ ਬਾਕੀ ਹੈ। ਤੁਸੀਂ ਲਕੀਰ ਖਿੱਚਣਾ ਚਾਹੁੰਦੇ ਹੋ, ਕੋਈ ਚੈਪਟਰ ਮੁਕਾਉਣਾ ਚਾਹੁੰਦੇ ਹੋ, ਕਿਸੇ ਫ਼ਾਈਲ ਨੂੰ ਬੰਦ ਕਰਨਾ ਚਾਹੁੰਦੇ ਹੋ ਜਾਂ ਕਿਸੇ ਅਜਿਹੇ ਮਾਮਲੇ ‘ਚ, ਜਿਹੜਾ ਕਾਫ਼ੀ ਸਾਰੇ ਵਿਵਾਦਾਂ ਦਾ ਕਾਰਨ ਬਣਿਆ ਰਿਹਾ ਹੈ, ਹੱਥ ਮਿਲਾ ਕੇ ਡੀਲ ਫ਼ਾਈਨਲ ਕਰਨਾ ਚਾਹੁੰਦੇ ਹੋ। ਅੰਤ ‘ਚ ਇਹ ਸੰਭਵ ਹੋ ਸਕਦਾ ਹੈ, ਪਰ ਘੱਟੋ-ਘੱਟ ਹਾਲ ਦੀ ਘੜੀ, ਤੁਹਾਨੂੰ ਕੁਝ ਹੱਦ ਤਕ ਅਨਿਸ਼ਚਿਤਤਾ ‘ਚ ਰਹਿਣਾ ਪਵੇਗਾ। ਚੇਤੇ ਰੱਖੋ, ਕੋਈ ਵੀ ਖ਼ਬਰ ਨਾ ਆਉਣਾ ਸ਼ਾਇਦ ਅੰਤ ਨੂੰ ਇੱਕ ਚੰਗੀ ਖ਼ਬਰ ਹੋਵੇ!

ਇੱਕ ਵੀ ਲਫ਼ਜ਼ ਨਾ ਕਹੋ। ਜੇ ਲੋੜ ਹੈ ਤਾਂ ਬੇਸ਼ੱਕ ਇੱਕ ਭਾਸ਼ਣ ਤਿਆਰ ਕਰ ਲਓ, ਪਰ ਉਸ ਨੂੰ ਆਪਣੇ ਦਿਮਾਗ਼ ਦੇ ਅਗੱਲੇ ਹਿੱਸੇ ਤੋਂ ਅਗਾਂਹ ਨਾ ਜਾਣ ਦਿਓ। ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਸ ਨੂੰ ਤੁਹਾਡੀ ਜ਼ਬਾਨ ਵੱਲ ਟ੍ਰਾਂਸਫ਼ਰ ਕਰਨ ਵਾਲੇ ਆਪਣੇ ਅੰਦਰਲੇ ਡਿਵਾਈਸ ਨੂੰ ਡਿਸਕੋਨੈਕਟ ਕਰ ਦਿਓ। ਅਜਿਹਾ ਨਹੀਂ ਕਿ ਬਿਆਨ ਦੇਣ ਨਾਲ ਕਿਸੇ ਕਿਸਮ ਦਾ ਕੋਈ ਖ਼ਤਰਾ ਜੁੜਿਆ ਹੋਇਐ। ਇਹ ਤਾਂ ਕੇਵਲ ਇੰਨੀ ਗੱਲ ਹੈ ਕਿ, ਜੇਕਰ ਤੁਸੀਂ ਥੋੜ੍ਹਾ ਹੋਰ ਸਮਾਂ ਚੁੱਪ ਰਹਿ ਸਕੋ, ਤੁਸੀਂ ਉਹ ਤਬਦੀਲੀ ਦੇਖੋਗੇ ਜਿਹੜੀ ਤੁਸੀਂ ਚਾਹੁੰਦੇ ਹੋ ਜਾਂ ਉਹ ਨਤੀਜਾ ਹਾਸਿਲ ਕਰੋਗੇ ਜਿਸ ਲਈ ਤੁਸੀਂ ਤਰਸ ਰਹੇ ਹੋ, ਬਿਨਾ ਇੱਕ ਵੀ ਸ਼ਬਦ ਬੋਲੇ। ਇੰਝ, ਤੁਸੀਂ ਉਸ ਨੂੰ ਕਬੂਲ ਕਰ ਸਕਦੇ ਹੋ ਬਿਨਾ ਇਹ ਮਹਿਸੂਸ ਕੀਤੇ ਕਿ ਉਸ ਨੂੰ ਹਾਸਿਲ ਕਰਨ ਲਈ ਤੁਸੀਂ ਕਿਸੇ ਕਿਸਮ ਦੀ ਜੌਰ-ਜ਼ਬਰਦਸਤੀ ਕੀਤੀ ਹੈ। ਥੋੜ੍ਹਾ ਠਰੰਮਾ ਹੀ ਇੱਕ ਅਜਿਹੀ ਸ਼ੈਅ ਹੈ ਜੋ ਤੁਹਾਨੂੰ ਇਸ ਵਕਤ ਦਰਕਾਰ ਹੈ।