ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਟੈਰਰ ਫੰਡਿੰਗ ਮਾਮਲੇ ਨੂੰ ਲੈ ਕੇ ਆਪਣੀ ਚਾਰਜਸ਼ੀਟ ’ਚ ਵੱਡਾ ਖੁਲਾਸਾ ਕੀਤਾ ਹੈ। ਐੱਨ. ਆਈ. ਏ. ਨੇ ਦੱਸਿਆ ਕਿ ਦਾਊਦ ਅਤੇ ਉਸ ਦਾ ਸਹਿਯੋਗੀ ਛੋਟਾ ਸ਼ਕੀਲ ਇਕ ਵਾਰ ਫਿਰ ਭਾਰਤ ’ਤੇ ਅੱਤਵਾਦੀ ਹਮਲੇ ਕਰਵਾਉਣ ਦੀ ਫਿਰਾਕ ’ਚ ਹਨ।
ਐੱਨ. ਆਈ. ਏ. ਮੁਤਾਬਕ ਦਾਊਦ ਨੇ ਇਸ ਦੇ ਲਈ ਹਵਾਲਾ ਰਾਹੀਂ
ਪਾਕਿਸਤਾਨ ਤੋਂ ਦੁਬਈ ਦੇ ਰਸਤੇ ਸੂਰਤ ਅਤੇ ਫਿਰ ਮੁੰਬਈ 25 ਲੱਖ ਰੁਪਏ ਭੇਜੇ ਹਨ। ਇਹ ਪੈਸੇ ਆਰਿਫ ਸ਼ੇਖ ਅਤੇ ਸ਼ਬੀਰ ਸ਼ੇਖ ਨੂੰ ਭੇਜੇ ਗਏ ਹਨ। ਇਸ ਤਰ੍ਹਾਂ ਦੋਵਾਂ ਨੇ ਪਿਛਲੇ ਚਾਰ ਸਾਲਾਂ ’ਚ ਹਵਾਲਾ ਰਾਹੀਂ 12 ਤੋਂ 13 ਕਰੋੜ ਰੁਪਏ ਭੇਜੇ ਹਨ। ਗਵਾਹ ਸੂਰਤ ਦਾ ਇਕ ਹਵਾਲਾ ਆਪ੍ਰੇਟਰ ਹੈ, ਜਿਸ ਦੀ ਪਛਾਣ ਸੁਰੱਖਿਆ ਕਾਰਨਾਂ ਕਰ ਕੇ ਗੁਪਤ ਰੱਖੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਸ਼ਿਦ ਮਰਫਾਨੀ ਉਰਫ਼ ਰਾਸ਼ਿਦ ਭਾਈ ਦੁਬਈ ’ਚ ਲੋੜੀਂਦੇ ਗੈਂਗਸਟਰ ਦਾਊਦ ਇਬਰਾਹਿਮ ਅਤੇ ਛੋਟਾ ਸ਼ਕੀਲ ਦੇ ਪੈਸੇ ਨੂੰ ਭਾਰਤ ਭੇਜਣ ਲਈ ਹਵਾਲਾ ਮਨੀ ਟਰਾਂਸਫਰ ਰਿਸੀਵਰ ਦਾ ਕੰਮ ਕਰਦਾ ਸੀ। ਡੀ-ਕੰਪਨੀ ਖਿਲਾਫ ਐੱਨ. ਆਈ. ਏ. ਦੀ ਚਾਰਜਸ਼ੀਟ ਮੁਤਾਬਕ, ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਨਿਸ਼ਾਨੇ ’ਤੇ ਦੇਸ਼ ਦੇ ਵੱਡੇ ਰਾਜਨੇਤਾ ਅਤੇ ਕਈ ਵੱਡੀਆਂ ਹਸਤੀਆਂ ਵੀ ਹਨ। ਇੰਨਾ ਹੀ ਨਹੀਂ, ਦਾਊਦ ਨੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ’ਚ ਦੰਗੇ ਕਰਵਾਉਣ ਲਈ ਮੋਟੀ ਰਕਮ ਵੀ ਭੇਜੀ ਸੀ। ਇਨ੍ਹਾਂ ’ਚ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਅਤੇ ਆਰਥਿਕ ਰਾਜਧਾਨੀ ਮੁੰਬਈ ਸਭ ਤੋਂ ਟਾਪ ’ਤੇ ਸਨ।