ਹਿਮਾਚਲ ’ਚ ਬੋਲੇ PM ਮੋਦੀ- ‘ਕਾਂਗਰਸ ਦਾ ਮਤਲਬ ਅਸਥਿਰਤਾ, ਭ੍ਰਿਸ਼ਟਾਚਾਰ ਅਤੇ ਘਪਲਾ’

ਕਾਂਗੜਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ’ਚ ਚੋਣ ਰੈਲੀ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਹਿਮਾਚਲ ‘ਚ ‘ਡਬਲ ਇੰਜਣ’ ਵਾਲੀ ਸਥਿਰ ਅਤੇ ਮਜ਼ਬੂਤ ਸਰਕਾਰ ਦੀ ਲੋੜ ਹੈ। ਉਨ੍ਹਾਂ ਨੇ ਕਾਂਗਰਸ ਨੂੰ ਅਸਥਿਰਤਾ, ਭ੍ਰਿਸ਼ਟਾਚਾਰ ਅਤੇ ਘਪਲਿਆਂ ਲਈ ਜ਼ਿੰਮੇਵਾਰ ਠਹਿਰਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਾਂਗੜਾ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕਾਂਗੜਾ ਦੀ ਧਰਤੀ ’ਤੇ ਬਾਬਾ ਭੋਲੇ ਦੀ ਅਸੀਮ ਕ੍ਰਿਪਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਹਿਮਾਚਲ ’ਚ ਸਥਿਰ ਸਰਕਾਰ ਹੋਵੇਗੀ, ਉਸ ਕੋਲ ਡਬਲ ਇੰਜਣ ਦੀ ਤਾਕਤ ਹੋਵੇਗੀ, ਤਾਂ ਉਹ ਪੁਰਾਣੀਆਂ ਚੁਣੌਤੀਆਂ ਨੂੰ ਵੀ ਦੂਰ ਕਰੇਗੀ। ਇਹ ਕੰਮ ਸਿਰਫ ਅਤੇ ਸਿਰਫ ਭਾਜਪਾ ਹੀ ਕਰ ਸਕਦੀ ਹੈ। ਕਾਂਗਰਸ ਕਦੇ ਵੀ ਹਿਮਾਚਲ ਸਥਿਰ ਸਰਕਾਰ ਨਹੀਂ ਦੇ ਸਕਦੀ। ਉਨ੍ਹਾਂ ਤਾਮਿਲਨਾਡੂ, ਬਿਹਾਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਕਾਂਗਰਸ ਖ਼ਿਲਾਫ ਜਨਤਾ ‘ਚ ਇੰਨਾ ਗੁੱਸਾ ਹੈ ਕਿ ਉਸ ਨੂੰ ਦਹਾਕਿਆਂ ਤੋਂ ਕਈ ਸੂਬਿਆਂ ਵਿਚ ਮੁੜ ਸੱਤਾ ‘ਚ ਆਉਣ ਦਾ ਮੌਕਾ ਨਹੀਂ ਮਿਲਿਆ।
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਚ 12 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਕੁਝ ਮਹੀਨਿਆਂ ‘ਚ ਇਸ ਪਹਾੜੀ ਸੂਬੇ ਦੇ ਕਈ ਦੌਰੇ ਕੀਤੇ ਹਨ ਅਤੇ ਹਰ ਵਾਰ ਉਨ੍ਹਾਂ ਨੂੰ ਭਾਰੀ ਜਨਤਾ ਦਾ ਸਮਰਥਨ ਮਿਲਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਹਿਮਾਚਲ ਪ੍ਰਦੇਸ਼ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਵਾਰ ਵੀ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗੀ।