ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦਾ ਜਨਰਲ ਇਜਲਾਸ ਭਲਕੇ ਮਤਲਬ ਕਿ 9 ਨਵੰਬਰ ਨੂੰ ਹੋ ਰਿਹਾ ਹੈ। ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਆਮ ਇਜਲਾਸ ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋਵੇਗਾ। ਇਸ ਦੌਰਾਨ ਕਮੇਟੀ ਮੈਂਬਰ ਪ੍ਰਧਾਨ, ਸੀਨੀਅਰ ਉਪ ਪ੍ਰਧਾਨ, ਜੂਨੀਅਰ ਉਪ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤਰਿਮ ਕਮੇਟੀ ਦੇ ਮੈਂਬਰਾਂ ਦੀ ਚੋਣ ਕਰਨਗੇ।
ਮਿਲੀ ਜਾਣਕਾਰੀ ਮੁਤਾਬਕ ਐੱਸ. ਜੀ. ਪੀ. ਸੀ. ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੀਟੰਗ ਬੁਲਾ ਲਈ ਹੈ। ਸੁਖਬੀਰ ਬਾਦਲ ਅੱਜ ਸ਼ਾਮ 4 ਵਜੇ ਮੀਟਿੰਗ ਕਰਨਗੇ। ਇਹ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ‘ਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਾਲ ‘ਚ 2 ਵਾਰ ਇਕੱਤਰਤਾ ਹੁੰਦੀ ਹੈ। ਮਾਰਚ ਮਹੀਨੇ ‘ਚ ਬਜਟ ‘ਤੇ ਅਤੇ ਨਵੰਬਰ ‘ਚ ਜਨਰਲ ਇਜਲਾਸ ਦੇ ਮੌਕੇ ਮੈਂਬਰ ਇਕੱਠੇ ਹੋ ਕੇ ਕੌਮੀ ਮਾਮਲਿਆਂ ‘ਤੇ ਵੀ ਆਪਣੇ ਰਾਏ ਦਿੰਦੇ ਹਨ।
ਇਸ ਵਾਰ ਇਸ ਇਜਲਾਸ ‘ਤੇ ਪੂਰੀ ਦੁਨੀਆ ਦਾ ਧਿਆਨ ਲੱਗਿਆ ਹੋਇਆ ਹੈ। ਇਕ ਪਾਸੇ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦੂਜੇ ਪਾਸੇ ਅਕਾਲੀ ਦਲ ਤੋਂ ਬਰਖ਼ਾਸਤ ਸਾਬਕਾ ਐੱਸ. ਜੀ. ਪੀ. ਸੀ. ਪ੍ਰਧਾਨ ਬੀਬੀ ਜਗੀਰ ਕੌਰ ‘ਚ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਲੜਾਈ ‘ਚ ਜਿੱਤ ਕਿਸ ਦੀ ਹੁੰਦੀ ਹੈ, ਇਹ ਤਾਂ ਬੁੱਧਵਾਰ ਨੂੰ ਹੀ ਪਤਾ ਲੱਗੇਗਾ।