ਬੈਜਨਾਥ/ਬਲਹ (ਹਿਮਾਚਲ ਪ੍ਰਦੇਸ਼),– ਭਾਜਪਾ ਦੇ ਸੀਨੀਅਰ ਨੇਤਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਵਿਰੋਧੀ ਧਿਰ ਦੀਆਂ ਪਾਰਟੀਆਂ ’ਤੇ ਨਿਸ਼ਾਨਾ ਲਾਉਣ ਲਈ ਕ੍ਰਿਕਟ ਦੀ ਸ਼ ਬਦਾਵਲੀ ਦੀ ਵਰਤੋਂ ਕੀਤੀ ਅਤੇ ਕਾਂਗਰਸ ਨੂੰ ‘ਵਾਈਡ ਬਾਲ’ ਤਾਂ ਆਮ ਆਦਮੀ ਪਾਰਟੀ ਨੂੰ ‘ਨੋ ਬਾਲ’ ਕਰਾਰ ਦਿੱਤਾ।
ਹਿਮਾਚਲ ਪ੍ਰਦੇਸ਼ ਦੇ ਬੈਜਨਾਥ ਅਤੇ ਬਲਹ ਵਿਧਾਨ ਸਭਾ ਖੇਤਰਾਂ ਵਿਚ ਚੋਣ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਕਿਹਾ ਕਿ ਸਿਆਸਤ ਦੀ ਪਿਚ ’ਤੇ ਸਿਰਫ ਭਾਜਪਾ ‘ਸਹੀ ਲੈਥ ਦੀ ਬਾਲ’ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਇਕਸਾਰ ਨਾਗਰਿਕ ਜ਼ਾਬਤਾ ਲਾਗੂ ਕਰਨ ਦਾ ਭਾਜਪਾ ਦਾ ਸੰਕਲਪ ਵੋਟ ਹਾਸਲ ਕਰਨ ਦੇ ਮਕਸਦ ਨਾਲ ਨਹੀਂ ਲਿਆ ਗਿਆ ਹੈ।
ਸਿੰਘ ਨੇ ਕਿਹਾ ਕਿ ਕਾਂਗਰਸ ਦੇ ਲੋਕ ਕਹਿ ਰਹੇ ਹਨ ਕਿ ਅਸੀਂ ਵੋਟਾਂ ਹਾਸਲ ਕਰਨ ਲਈ ਅਜਿਹਾ ਕਰ ਰਹੇ ਹਾਂ। ਅਸੀਂ ਸਮਾਜ ਨੂੰ ਵੰਡ ਕੇ ਵੋਟਾਂ ਹਾਸਲ ਨਹੀਂ ਕਰਨਾ ਚਾਹੁੰਦੇ। ਗੋਆ ਵਿਚ ਸਾਲਾਂ ਤੋਂ ਇਕਸਾਰ ਨਾਗਰਿਕ ਜ਼ਾਬਤਾ ਲਾਗੂ ਹੈ। ਆਸਟ੍ਰੇਲੀਆ ਵਿਚ ਚੱਲ ਰਹੇ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਦੇਸ਼ ਵਿਚ ਕ੍ਰਿਕਟ ਦਾ ਮਾਹੌਲ ਹੈ ਅਤੇ ਅਜਿਹੇ ਵਿਚ ਰੱਖਿਆ ਮੰਤਰੀ ਨੇ ਵੀ ਸਿਆਸਤ ਦੀ ਤੁਲਨਾ ਕ੍ਰਿਕਟ ਨਾਲ ਕਰਦੇ ਹੋਏ ਵੋਟਰਾਂ ਨੂੰ ਸੰਦੇਸ਼ ਦੇਣ ਦਾ ਯਤਨ ਕੀਤਾ।
ਸਿੰਘ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਵਿਚ ਦੇਸ਼ ਦੀ ਅਰਥ ਵਿਵਸਥਾ ਦੁਨੀਆ ਵਿਚ 9ਵੇਂ ਜਾਂ 10ਵੇਂ ਸਥਾਨ ’ਤੇ ਸੀ। ਉਨ੍ਹਾਂ ਕਿਹਾ ਕਿ ਅੱਜ ਮੋਦੀ ਜੀ ਦੀ ਅਗਵਾਈ ਵਿਚ ਭਾਰਤ ਦੀ ਅਰਥ ਵਿਵਸਥਾ ਦੁਨੀਆ ਵਿਚ 5ਵੇਂ ਸਥਾਨ ’ਤੇ ਹੈ।