SGPC ਪ੍ਰਧਾਨ ਦੀ ਚੋਣ : ਅਕਾਲੀ ਦਲ ਵਲੋਂ ਸਿਆਸੀ ਜੰਗ ਸਿਖਰ ’ਤੇ, ਸੁਖਬੀਰ ਦੇ ਵਿਰੋਧੀਆਂ ਨੇ ਬਣਾਈ ਇਹ ਰਣਨੀਤੀ

ਮੋਹਾਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ 9 ਨਵੰਬਰ ਨੂੰ ਹੋਣ ਜਾ ਰਹੀ ਹੈ ਅਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣਾ ਉਮੀਦਵਾਰ ਚੋਣ ਤੋਂ ਕੁਝ ਦਿਨ ਪਹਿਲਾਂ ਹੀ ਐਲਾਨ ਦਿੱਤਾ ਗਿਆ ਹੋਵੇ।
ਆਖ਼ਰੀ ਸਮੇਂ ਤਕ ਆਮ ਸਹਿਮਤੀ ਨਾਲ ਹੱਲ ਕੱਢਣ ਦੀ ਕੋਸ਼ਿਸ਼ : ਪ੍ਰੋ. ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ 9 ਨਵੰਬਰ ਨੂੰ ਹੋਣ ਜਾ ਰਹੀ ਚੋਣ ਸਬੰਧੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਆਮ ਸਹਿਮਤੀ ਦੇ ਨਾਲ ਹੀ ਇਸ ਸੰਜੀਦਾ ਮਸਲੇ ਦਾ ਹੱਲ ਕੱਢਿਆ ਜਾਵੇ। ਆਖ਼ਰੀ ਸਮੇਂ ਤਕ ਇਸ ਮਹੱਤਵਪੂਰਨ ਮਾਮਲੇ ਵਿਚ ਪੂਰੀ ਸੁਹਿਰਦਤਾ ਨਾਲ ਯਤਨ ਜਾਰੀ ਰੱਖਾਂਗੇ।
ਸੁਖਬੀਰ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਂਦੈ : ਢੀਂਡਸਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੋਣ ਵਾਲੀ ਚੋਣ ਵਿਚ ਲਿਫ਼ਾਫ਼ਾ ਕਲਚਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਬੀਬੀ ਜਗੀਰ ਕੌਰ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਜੋ ਵੀ ਵਿਰੋਧ ਕਰਦਾ ਹੈ, ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਬੀਬੀ ਜਗੀਰ ਕੌਰ ਵਲੋਂ ਜਦੋਂ ਸੁਖਬੀਰ ਸਿੰਘ ਬਾਦਲ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੀ ਪਾਰਟੀ ਤੋਂ ਮੁਅੱਤਲ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਟੁੱਟਣ ਕਿਨਾਰੇ : ਗੋਲਡੀ
ਭਾਜਪਾ ਦੇ ਸੀਨੀਅਰ ਨੇਤਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਕਨਵੀਨਰ ਅਤੇ ਮੈਂਬਰ ਐਗਜ਼ੀਕਿਊਟਿਵ ਭਾਜਪਾ ਪੰਜਾਬ ਸੁਖਵਿੰਦਰ ਸਿੰਘ ਗੋਲਡੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਭਾਜਪਾ ਦੀ ਕੋਈ ਦਿਲਚਸਪੀ ਨਹੀਂ ਹੈ, ਫਿਰ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਲੋਕ ਕਿਵੇਂ ਭਾਜਪਾ ਆਗੂਆਂ ’ਤੇ ਵਾਰ-ਵਾਰ ਬਿਆਨਬਾਜ਼ੀ ਕਰ ਰਹੇ ਹਨ, ਜਦਕਿ ਇਹ ਗੱਲ ਹਰ ਕੋਈ ਭਲੀਭਾਂਤੀ ਜਾਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਟੁੱਟਣ ਕੰਢੇ ਹੈ ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਬੀਬੀ ਲਾਂਡਰਾਂ ਨੂੰ ਮਿਲਣ ਪਹੁੰਚੇ ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਕੁਨਬੇ ਵਲੋਂ ‘ਦੁਸ਼ਮਣ ਦਾ ਦੁਸ਼ਮਣ ਦੋਸਤ’ ਦੀ ਰਣਨੀਤੀ ’ਤੇ ਚਲਦਿਆਂ ਆਪਸੀ ਇਕਜੁੱਟਤਾ ਦਾ ਪ੍ਰਗਟਾਵਾ ਇਸ ਗੱਲ ਤੋਂ ਵੀ ਸਾਫ਼ ਝਲਕਦਾ ਹੈ ਕਿ ਸਾਰਿਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਆਪਣੇ-ਆਪ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਬੀਬੀ ਦੇ ਸਮਰਥਨ ਵਿਚ ਬਿਆਨ ਆਉਣੇ ਸ਼ੁਰੂ ਹੋ ਗਏ ਅਤੇ ਸਮੇਂ-ਸਮੇਂ ’ਤੇ ਬੀਬੀ ਜਗੀਰ ਕੌਰ ਦੇ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਕੰਮਕਾਜ ’ਤੇ ਸਵਾਲੀਆ ਚਿੰਨ੍ਹ ਬਣਾਉਣ ਵਾਲੇ ਨੇਤਾਗਣ ਵੀ ਬੀਬੀ ਜਗੀਰ ਕੌਰ ਦੇ ਸਮਰਥਨ ਵਿਚ ਸਾਫ ਉੱਤਰੇ ਨਜ਼ਰ ਆ ਰਹੇ ਹਨ। ਉਹ ਸੁਖਬੀਰ ਬਾਦਲ ਨੂੰ ਸਿਆਸੀ ਪਟਕਣੀ ਦੇਣ ਦੇ ਰੌਂਅ ਵਿਚ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਰੋਧੀਆਂ ਦੀ ਇਸ ਚਾਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਰ ਇਕ ਸ਼੍ਰੋਮਣੀ ਕਮੇਟੀ ਮੈਂਬਰ ਤਕ ਖ਼ੁਦ ਪਹੁੰਚ ਕੀਤੀ ਜਾ ਰਹੀ ਹੈ, ਜਿਸ ਕਾਰਨ ਉਹ ਮੋਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਬੀਬੀ ਪਰਮਜੀਤ ਕੌਰ ਲਾਂਡਰਾਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਲਾਂਡਰਾਂ ਵਿਖੇ ਬੀਤੇ ਦਿਨੀਂ ਪੁੱਜੇ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਇਲਾਵਾ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ ਵੀ ਹਾਜ਼ਰ ਰਹੇ ਅਤੇ ਇਨ੍ਹਾਂ ਸਾਰੇ ਆਗੂਆਂ ਵਿਚ 45 ਮਿੰਟ ਸ਼੍ਰੋਮਣੀ ਕਮੇਟੀ ਦੀ ਚੋਣ ਸਬੰਧੀ ਵਿਚਾਰਾਂ ਹੋਈਆਂ । ਭਾਵੇਂ ਕੁਝ ਵੀ ਹੋਵੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਲੋਂ ਪਾਰਟੀ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜਿਤਾਉਣ ਲਈ ਹਰ ਇਕ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਭਰੋਸੇ ਵਿਚ ਲਿਆ ਜਾ ਰਿਹਾ ਹੈ ਪਰ ਵਿਰੋਧੀ ਪੰਥਕ ਆਗੂਆਂ ਦੀ ਸਿਆਸੀ ਸੁਰ ਦਾ ਹੈਰਾਨੀਜਨਕ ਤਾਲਮੇਲ ਆਖ਼ਿਰ ਕਿਸ ਉਮੀਦਵਾਰ ਦੇ ਹੱਕ ਜਾਂ ਵਿਰੋਧ ਵਿਚ ਸਿਆਸੀ ਜ਼ਮੀਨ ਤਿਆਰ ਕਰ ਸਕੇਗਾ, ਇਹ ਵੇਖਣਾ ਅਜੇ ਭਵਿੱਖ ਦੇ ਗਰਭ ਵਿਚ ਹੈ ।