ਸੁਲਤਾਨਪੁਰ ਲੋਧੀ : ਸਾਲ 2022 ਵਿਚ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਤਾਂ ਕਿ ਪੰਜਾਬ ਵਿਚ ਬਦਲਾਅ ਆਵੇ ।ਲੋਕਾਂ ਨੇ ਇਸ ਉਮੀਦ ਨੂੰ ਵੋਟਾਂ ਪਾਈਆਂ ਸਨ ਕਿ ਆਮ ਲੋਕਾਂ ਦੀ ਸਰਕਾਰ ਹੋਵੇ ਅਤੇ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲੇ, ਥਾਣਿਆਂ-ਕਚਹਿਰੀਆਂ ਵਿਚ ਆਮ ਲੋਕਾਂ ਦੀ ਗੱਲ ਹੋਵੇ ਪਰ ਪੰਜਾਬ ਵਿਚ ਸਭ ਕੁੱਝ ਉਹੀ ਹੋ ਰਿਹਾ ਹੈ, ਜੋ ਪਿਛਲੀਆਂ ਸਰਕਾਰਾਂ ਵੇਲੇ ਹੋ ਰਿਹਾ ਸੀ।
ਕਥਿਤ ਤੌਰ ‘ਤੇ ਸੁਲਤਾਨਪੁਰ ਲੋਧੀ ਦੇ ਕੁੱਝ ‘ਆਪ’ ਦੇ ਵਾਲੰਟੀਅਰਜ਼ ਨੇ ਪੱਤਰਕਾਰਾਂ ਨਾਲ ਪੰਜਾਬ ਦੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਬੇਸ਼ੱਕ ਪੰਜਾਬ ‘ਚ ਸਾਡੀ ਸਰਕਾਰ ਹੈ ਪਰ ਚੱਲ ਅਕਾਲੀ, ਕਾਂਗਰਸੀ ਅਤੇ ਬੀ. ਜੇ. ਪੀ. ਲੀਡਰਾਂ ਦੀ ਰਹੀ ਹੈ। ਉਨ੍ਹਾਂ ਨਾਮ ਨਾ ਛਾਪਣ ਦੀ ਸ਼ਰਤ ‘ਤੇ ਇਹ ਵੀ ਕਿਹਾ ਕਿ ਸਾਡੇ ਹੀ ਹਲਕਾ ਇੰਚਾਰਜ ਨੇ ਸਾਨੂੰ ਅੱਖੋਂ ਪਰੋਖੇ ਕਰ ਕੇ ਅਕਾਲੀਆਂ ਕਾਂਗਰਸੀਆਂ ਨੂੰ ਅੱਗੇ ਕੀਤਾ ਹੋਇਆ ਹੈ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਕਾਲੀ-ਕਾਂਗਰਸੀਆਂ ਦੇ ਕਹਿਣ ‘ਤੇ ਆਮ ਆਦਮੀ ਦੀ ਹੀ ਸਰਕਾਰ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ‘ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਤੋਂ ਇਹ ਪਤਾ ਲੱਗਾ ਹੈ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਡਾਵਾਂਡੋਲ ਹੋਈ ਪਈ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੂਬੇ ‘ਚ ਸੱਤਾ ਸੰਭਾਲਣ ਤੋਂ ਪਹਿਲਾਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਗਿਆ ਸੀ ਕਿ ਅਕਾਲੀ-ਕਾਂਗਰਸੀਆਂ ਲਈ ਪਾਰਟੀ ਵਿਚ ਕੋਈ ਥਾਂ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀਆਂ ਦੀ ਪਾਰਟੀ ਹੈ। ਸੂਬੇ ਦੀ ਜਨਤਾ ਅਕਾਲੀ-ਭਾਜਪਾ ਤੇ ਕਾਂਗਰਸੀਆਂ ਦੇ ਲਾਰਿਆਂ ਤੋਂ ਅੱਕੀ ਕਿਸੇ ਤੀਸਰੀ ਪਾਰਟੀ ਨੂੰ ਬਦਲ ਦੇ ਰੂਪ ‘ਚ ਵੇਖਣਾ ਚਾਹੁੰਦੀ ਸੀ। ਪੰਜਾਬ ਅੰਦਰ ਸਾਲ 2015-17 ਦੇ ਸ਼ੁਰੂਆਤੀ ਦੌਰ ‘ਚ ਨੌਜਵਾਨਾਂ ‘ਚ ਇਕ ਬਦਲ ਦੀ ਚੇਟਕ ਲੱਗੀ। ਰਵਾਇਤੀ ਪਾਰਟੀਆਂ ਦੇ ਅੱਕੇ ਲੋਕਾਂ ਲਈ ਆਸ ਦੀ ਕਿਰਨ ਆਮ ਆਦਮੀ ਪਾਰਟੀ ਸਾਹਮਣੇ ਆਈ।
ਉਨ੍ਹਾਂ ਕਿਹਾ ਕਿ ਨੌਜਵਾਨ ਵਾਲੰਟੀਅਰਾਂ ਨੇ ‘ਆਪ ਦੀ ਸਰਕਾਰ ਲਿਆਉਣ ਲਈ ਜੀਅ-ਤੋੜ ਮਿਹਨਤ ਕੀਤੀ । ‘ਆਪ’ ਸਰਕਾਰ ਬਣਨ ਤੋਂ ਬਾਅਦ ਸਿਰਕੱਢ ਆਗੂ ਨਿਰਾਸ਼ਾ ਦੇ ਆਲਮ ਵਿਚ ਘਿਰੇ ।ਖ਼ਾਸਕਰ ਸ਼ੁਰੂਆਤੀ ਦੌਰ ਵਿਚ ਬੀਬੀਆਂ ਨੇ ਪਾਰਟੀ ਦੇ ਝੰਡੇ ਨੂੰ ਬੁਲੰਦ ਇਸੇ ਲਈ ਕੀਤਾ ਸੀ ਕਿ ਹੁਣ ਹੰਕਾਰ ਦੀ ਰਾਜਨੀਤੀ ਨਹੀਂ ਹੋਵੇਗੀ। ਬੱਚੇ ਨਸ਼ੇ ਤੋਂ ਦੂਰ ਹੋ ਸਕਣਗੇ, ਨਵੀਂ ਪਾਰਟੀ ਨੌਕਰੀਆਂ ਦਾ ਪ੍ਰਬੰਧ ਕਰੇਗੀ। ਨਾਲ ਹੀ ਔਰਤਾਂ ਦੀ ਵੀ ਸੱਤਾ ਵਿਚ ਹਿੱਸੇਦਾਰੀ ਬਣੇਗੀ ਪਰ ਹਾਲਾਤ ਬਿਲਕੁਲ ਉਲਟ ਹੋ ਗਏ ਜਾਪਦੇ ਹਨ। ਨਸ਼ਾ ਘਰਾਂ ਦੇ ਘਰ ਖ਼ਾਲੀ ਕਰ ਰਿਹਾ ਹੈ। ਚਿੱਟਾ ਸ਼ਰੇਆਮ ਵਿਕਦਾ ਹੈ। ਨੌਕਰੀ ਦਾ ਕੋਈ ਪ੍ਰਬੰਧ ਨਹੀਂ ਹੋਇਆ। ਮਹਿੰਗੇ ਇਲਾਜ ‘ਤੋਂ ਬਗੈਰ ਲੋਕ ਮਰ ਰਹੇ ਹਨ। ਪੜ੍ਹਾਈ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਰਹੀ ।
ਆਮ ਆਦਮੀ ਪਾਰਟੀ ਦਾ ਨਾਅਰਾ‘ਆਪ’ ‘ਚ ਅਕਾਲੀਆਂ ਤੇ ਕਾਂਗਰਸੀਆਂ ਲਈ ਕੋਈ ਜਗ੍ਹਾ ਨਹੀਂ, ਦਾ‘ਆਪ’ ਨੇ ਖ਼ੁਦ ਗਲਾ ਘੁੱਟਿਆ । ਦੋਗਲੇ ਲੋਕਾਂ ਦੀ ‘ਆਪ’ ਸਰਕਾਰ ‘ਚ ਵੀ ਚਾਂਦੀ ਹੈ ਤੇ ਮਿਹਨਤੀ ਵਾਲੰਟੀਅਰ ‘ਆਪ’ ਨੇ ਨੁੱਕਰੇ ਲਗਾਏ ਹੋਏ ਹਨ। ਉਨ੍ਹਾਂ ਕਿਹਾ ਕਿ ਵੱਡੀ ਗੱਲ ਤਾਂ ਇਹ ਹੈ ਕਿ ਚਾਪਲੂਸ ਲੋਕ ਫਿਰ ਤੋਂ ਸੱਤਾ ਦੇ ਗਲਿਆਰਿਆਂ ਦਾ ਹਿੱਸਾ ਬਣੇ ਬੈਠੇ ਹਨ। ਕਈ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਨਵੇਂ ਆਗੂਆਂ ਤੋਂ ਸਰਕਾਰ ਨਹੀਂ ਚੱਲ ਰਹੀ ਤਾਂ ਹੀ ਅਕਾਲੀਆਂ ਤੇ ਕਾਂਗਰਸੀਆਂ ਨੂੰ ਪਾਰਟੀ ‘ਚ ਸ਼ਾਮਲ ਕਰ ਕੇ ਸੱਤਾ ਦਾ ਨਿੱਘ ਹੋਰ ਗੂੜ੍ਹਾ ਹੋਵੇਗਾ। ਸੂਬੇ ਅੰਦਰ ਨਸ਼ਾ, ਗੁੰਡਾਗਰਦੀ, ਗੈਗਸਟਰਵਾਦ , ਲੁੱਟਾਂ ਖੋਹਾਂ, ਡਕੈਤੀਆਂ ,ਚੋਰੀਆਂ ‘ਚ ਭਾਰੀ ਵਾਧਾ ਹੋਇਆ। ਪੱਗਾਂ ਦੇ ਰੰਗ ਬਦਲੇ, ਸੂਬੇ ਅੰਦਰ ਬਦਲਾਅ ਦਾ ਨਾਅਰਾ ਲਗਾਉਣ ਵਾਲਿਆਂ ਤੋਂ ਸੂਬੇ ਦੇ ਹਾਲਾਤ ਨਹੀਂ ਬਦਲੇ ਗਏ । ਹਾਲਾਤ ਇਹ ਹੋ ਗਏ ਕਿ ਕਈ ਚਾਪਲੂਸ ਤਾਂ ਪ੍ਰਧਾਨਗੀਆਂ ਤੱਕ ਹਾਸਲ ਕਰ ਗਏ ਫਰਕ ਸਿਰਫ਼ ਇੰਨਾ ਪਿਆ ਕਿ ਝੰਡੇ ਦਾ ਰੰਗ ਬਦਲਿਆ , ਥੱਲੇ ਤਾਂ ਉਹੀ ਲੋਕ ਖੜੇ ਹਨ ਜਿਹੜੇ ਪਹਿਲੀਆਂ ਸਰਕਾਰਾਂ ‘ਚ ਮਲਾਈ ਖਾਂਦੇ ਰਹੇ।