ਨੋਟਬੰਦੀ ਸੱਤਾਧਾਰੀ ਸਰਕਾਰ ਦੀ ਸਭ ਤੋਂ ਵੱਡੀ ਅਸਫ਼ਲਤਾ : ਮੱਲਿਕਾਰਜੁਨ ਖੜਗੇ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ 2016 ਦੀ ਨੋਟਬੰਦੀ ਨੂੰ ਲੈ ਕੇ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਸਰਕਾਰ ’ਤੇ ਮੁੜ ਹਮਲਾ ਕੀਤਾ ਅਤੇ ਇਸ ਨੂੰ ਸੱਤਾਧਾਰੀ ਸਰਕਾਰ ਦੀ ਸਭ ਤੋਂ ਵੱਡੀ ਅਸਫ਼ਲਤਾ ਕਰਾਰ ਦਿੱਤਾ। ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਹੁਣ ਤੱਕ ਇਸ ਵੱਡੀ ਅਸਫ਼ਲਤਾ ਨੂੰ ਸਵੀਕਾਰ ਨਹੀਂ ਕੀਤਾ ਹੈ, ਜਿਸ ਕਾਰਨ ਅਰਥਵਿਵਸਥਾ ਮੂੰਧੇ ਮੂੰਹ ਡਿੱਗੀ ਹੈ।
ਖੜਗੇ ਨੇ ਟਵੀਟ ਕਰ ਕੇ ਕਿਹਾ, ‘‘ਦੇਸ਼ ਨੂੰ ਕਾਲੇ ਧਨ ਤੋਂ ਮੁਕਤ ਕਰਾਉਣ ਲਈ ਨੋਟਬੰਦੀ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਨਾਲ ਕਈ ਕਾਰੋਬਾਰ ਖ਼ਤਮ ਹੋ ਗਏ ਅਤੇ ਲੋਕਾਂ ਨੂੰ ਨੌਕਰੀਆਂ ਦੇ ਲਾਲੇ ਪੈ ਗਏ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮਾਸਟਰਸਟ੍ਰੋਕ ਦੇ 6 ਸਾਲ ਬਾਅਦ ਵੀ 2016 ਦੀ ਤੁਲਨਾ ’ਚ ਜਨਤਕ ਰੂਪ ਨਾਲ ਉਪਲੱਬਧ ਨਕਦੀ 72 ਫ਼ੀਸਦੀ ਵੱਧ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ 500 ਅਤੇ 1000 ਰੁਪਏ ਦੇ ਨੋਟ ਚਲਣੇ ਬੰਦ ਹੋ ਗਏ ਸਨ। ਇਨ੍ਹਾਂ ਦੀ ਥਾਂ 500 ਅਤੇ 2000 ਰੁਪਏ ਦੇ ਨਵੇਂ ਨੋਟ ਚਲਣ ’ਚ ਆਏ।