ਠੱਗ ਸੁਕੇਸ਼ ਨੇ LG ਸਕਸੈਨਾ ਨੂੰ ਲਿਖੀ ਤੀਜੀ ਚਿੱਠੀ, ਜੇਲ੍ਹ ’ਚ ਸਤੇਂਦਰ ਜੈਨ ਅਤੇ ਗੋਇਲ ਤੋਂ ਦੱਸਿਆ ਜਾਨ ਨੂੰ ਖ਼ਤਰਾ

ਨੈਸ਼ਨਲ ਡੈਸਕ- ਜੇਲ੍ਹ ’ਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੇ ਉਪ ਰਾਜਪਾਲ (LG) ਵੀ. ਕੇ. ਸਕਸੈਨਾ ਨੂੰ ਤੀਜੀ ਚਿੱਠੀ ਲਿਖੀ ਹੈ। ਇਸ ’ਚ ਉਸ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਜੇਲ੍ਹ DG ਸੰਦੀਪ ਗੋਇਲ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਉਸ ਦਾ ਦੋਸ਼ ਹੈ ਕਿ ਜੈਨ ਅਤੇ ਗੋਇਲ ਵਲੋਂ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਮਹਾਠੱਗ ਸੁਕੇਸ਼ ਨੇ ਇਸ ਤੋਂ ਪਹਿਲਾਂ ਚਿੱਠੀ ’ਚ ਆਪਣੇ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਹੋਏ ਪੈਸੇ ਦੇ ਲੈਣ-ਦੇਣ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਜੈਨ ’ਤੇ 10 ਕਰੋੜ ਲੈਣ ਦਾ ਦੋਸ਼ ਲਾਇਆ ਹੈ।
CBI ਜਾਂਚ ਦੀ ਕੀਤੀ ਮੰਗ
ਤੀਜੀ ਚਿੱਠੀ ’ਚ ਸੁਕੇਸ਼ ਨੇ ਸਤੇਂਦਰ ਜੈਨ ਅਤੇ ਸੰਦੀਪ ਗੋਇਲ ’ਤੇ ਗੰਭੀਰ ਦੋਸ਼ ਲਾਏ ਹਨ। ਨਾਲ ਹੀ ਪੂਰੇ ਮਾਮਲੇ ਦੀ CBI ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਚਿੱਠੀ ਵਿਚ ਉਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਸੀ ਕਿ ਜੇਕਰ ਮੈਂ ਸਭ ਤੋਂ ਵੱਡਾ ਠੱਗ ਹਾਂ ਤਾਂ ਤੁਸੀਂ ਮੇਰੇ ਤੋਂ 50 ਕਰੋੜ ਰੁਪਏ ਕਿਉਂ ਲਏ ਸਨ? ਤੁਸੀਂ ਮੈਨੂੰ ਅਤੇ ਕਾਰੋਬਾਰੀਆਂ ਨੂੰ ਪਾਰਟੀ ਨਾਲ ਜੋੜ ਕੇ 500 ਕਰੋੜ ਰੁਪਏ ਇਕੱਠੇ ਕਰਨ ਲਈ ਕਿਉਂ ਕਿਹਾ ਸੀ? ਮੈਨੂੰ ਕਰਨਾਟਕ ’ਚ ਪਾਰਟੀ ’ਚ ਵੱਡਾ ਅਹੁਦਾ ਦੇਣ ਦਾ ਆਫ਼ਰ ਕਿਉਂ ਦਿੱਤਾ ਜਾ ਰਿਹਾ ਸੀ?
ਜੈਨ ਨੂੰ ਦਿੱਤੀ ਸੀ ਪ੍ਰੋਟੈਕਸ਼ਨ ਮਨੀ
ਸੁਕੇਸ਼ ਨੇ ਉਪ ਰਾਜਪਾਲ ਨੂੰ ਲਿਖੀ ਚਿੱਠੀ ਵਿਚ ਦੋਸ਼ ਲਾਇਆ ਸੀ ਕਿ ਜੈਨ ਨੇ 2019 ’ਚ ਜੇਲ੍ਹ ’ਚ ਉਸ ਦੀ ਸੁਰੱਖਿਆ (ਪ੍ਰੋਟੈਕਸ਼ਨ ਮਨੀ) ਦੇ ਏਵਜ਼ ਵਿਚ 10 ਕਰੋੜ ਰੁਪਏ ਦੀ ਉਗਾਹੀ ਕੀਤੀ ਸੀ। ਉਸ ਨੇ ਦੋਸ਼ ਲਾਇਆ ਕਿ ਉਪ ਰਾਜਪਾਲ ਨੂੰ ਲਿਖੀ ਦੇ ਜਨਤਕ ਹੋਣ ਮਗਰੋਂ ਸਤੇਂਦਰ ਜੈਨ ਨੇ ਤਿਹਾੜ ਜੇਲ੍ਹ ਦੇ ਸਾਬਕਾ ਡੀ. ਜੀ. ਨਾਲ ਮਿਲ ਕੇ ਧਮਕੀ ਦਿੱਸੀ ਸੀ। ਠੱਗ ਸੁਕੇਸ਼ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਉਸ ਨੂੰ ਆਪਣੀ ਪਾਰਟੀ ਲਈ 500 ਕਰੋੜ ਰੁਪਏ ਦਾ ਯੋਗਦਾਨ ਕਰਨ ਲਈ 20 ਤੋਂ ਵੱਧ ਲੋਕਾਂ ਨੂੰ ਲਿਆਉਣ ਲਈ ਕਿਹਾ ਸੀ।