ਇਮਰਾਨ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਇਕ ਹੀ ਪਰਿਵਾਰ ਦੇ 4 ਮੈਂਬਰ ਗ੍ਰਿਫ਼ਤਾਰ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਤਲ ਦੀ ਕੋਸ਼ਿਸ਼ ਦੇ ਸਿਲਸਿਲੇ ’ਚ ਵਜ਼ੀਰਾਬਾਦ ਪੁਲਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਕ ਪਰਿਵਾਰ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਂਝੀ ਕਾਰਵਾਈ ’ਚ ਖਾਲਿਦ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਉਹੀ ਵਿਅਕਤੀ ਹੈ, ਜਿਸ ਦੇ ਨਾਂ ’ਤੇ ਘਟਨਾ ਵਾਲੀ ਥਾਂ ਤੋਂ ਬਰਾਮਦ ਬੰਦੂਕ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਸ ਨੇ ਕਿਹਾ, “ਇਮਰਾਨ ਖਾਨ ‘ਤੇ ਕਾਤਲਾਨਾ ਹਮਲੇ ਵਿੱਚ ਵਰਤੀ ਗਈ ਪਿਸਤੌਲ ਚੱਕ 82-ਜੂਨੋਬੀ ਦੇ ਇੱਕ ਨਿਵਾਸੀ ਦੀ ਹੈ।” ਪੁਲਸ ਨੇ ਅੱਗੇ ਕਿਹਾ, “ਸੰਯੁਕਤ ਛਾਪੇਮਾਰੀ ਵਿੱਚ ਇੱਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।” ARY ਨਿਊਜ਼ ਨੇ ਪੁਲਸ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਖਾਲਿਦ, ਉਸਦੇ ਦੋ ਪੁੱਤਰ ਅਤੇ ਉਸਦੀ ਪਤਨੀ ਸ਼ਾਮਲ ਹਨ। ਪੁਲਸ ਨੇ ਅੱਗੇ ਕਿਹਾ, “ਮੌਕੇ ਤੋਂ ਮਿਲੀ ਪਿਸਤੌਲ ਦਾ ਲਾਇਸੈਂਸ ਗ੍ਰਿਫਤਾਰ ਵਿਅਕਤੀ ਖਾਲਿਦ ਦੇ ਨਾਮ ‘ਤੇ ਸੀ।” ਦੱਸ ਦੇਈਏ ਕਿ ਇਮਰਾਨ ਖਾਨ ‘ਤੇ ਵੀਰਵਾਰ ਨੂੰ ਵਜ਼ੀਰਾਬਾਦ ‘ਚ ਉਨ੍ਹਾਂ ਦੇ ਲੌਂਗ ਮਾਰਚ ਦੌਰਾਨ ਪੰਜਾਬ ਸੂਬੇ ‘ਚ ਉਨ੍ਹਾਂ ਦੇ ਕੰਟੇਨਰ ਨੇੜੇ ਹਮਲਾ ਕੀਤਾ ਗਿਆ ਸੀ। ਇਹ ਹਮਲੇ ਵਿਚ ਉਨ੍ਹਾਂ ਦੀ ਲੱਤ ‘ਤੇ ਗੋਲੀ ਲੱਗ ਗਈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੇ ਸਫ਼ਲ ਆਪਰੇਸ਼ਨ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।