ਸ਼੍ਰੀਨਗਰ – ਕੀ ਕਾਂਗਰਸ ਦੇ ਸਾਬਕਾ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਕਾਂਗਰਸ ਨੂੰ ਸੁਲ੍ਹਾ-ਸਫ਼ਾਈ ਦਾ ਸੰਕੇਤ ਦੇ ਰਹੇ ਹਨ, ਜਿਸ ਦੀ ਮੂਲ ਮੈਂਬਰਸ਼ਿਪ ਤੋਂ ਉਨ੍ਹਾਂ ਨੇ ਇਸ ਸਾਲ 26 ਅਗਸਤ ਨੂੰ ਅਸਤੀਫਾ ਦੇ ਦਿੱਤਾ ਸੀ। ਆਜ਼ਾਦ ਨੇ ਬਾਅਦ ’ਚ ਆਪਣੀ ਸਿਆਸੀ ਪਾਰਟੀ, ਡੈਮੋਕ੍ਰੇਟਿਕ ਆਜ਼ਾਦ ਪਾਰਟੀ ਬਣਾਈ, ਜਿਸ ਬਾਰੇ ਉਸ ਨੇ ਕਿਹਾ ਕਿ ਉਹ ਜੰਮੂ ਅਤੇ ਕਸ਼ਮੀਰ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੇਗੀ। ਆਜ਼ਾਦ ਨੇ ਐਤਵਾਰ ਨੂੰ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ’ਚ ਇਕੱਲੀ ਕਾਂਗਰਸ ਹੀ ਭਾਜਪਾ ਨੂੰ ਚੁਣੌਤੀ ਦੇਣ ਦੀ ਸਮਰੱਥਾ ਰੱਖਦੀ ਹੈ। ਆਮ ਆਦਮੀ ਪਾਰਟੀ (ਆਪ) ਸਿਰਫ਼ ਦਿੱਲੀ ਤੱਕ ਹੀ ਸੀਮਿਤ ਪਾਰਟੀ ਹੈ।
ਡੋਡਾ ਜ਼ਿਲ੍ਹੇ ਦੇ ਆਪਣੇ ਦੌਰੇ ਦੌਰਾਨ ਕੁਝ ਪੱਤਰਕਤਾਰਾਂ ਨਾਲ ਗੱਲ ਕਰਦੇ ਹੋਏ ਆਜ਼ਾਦ ਨੇ ਕਾਂਗਰਸ ਦੀ ਧਰਮਨਿਰਪੱਖਤਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਸਿਰਫ਼ ਕਾਂਗਰਸ ਦੀ ਕਮਜ਼ੋਰ ਪਾਰਟੀ ਦੀ ਪ੍ਰਣਾਲੀ ਦੇ ਖ਼ਿਲਾਫ਼ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਦੇ ਵੀ ਧਰਮਨਿਰਪੱਖਤਾ ਦੀ ਕਾਂਗਰਸ ਦੀ ਨੀਤੀ ਖ਼ਿਲਾਫ਼ ਨਹੀਂ ਸਨ। ਉਨ੍ਹਾਂ ਕਿਹਾ,”ਮੈਂ ਹੁਣ ਵੀ ਚਾਹੁੰਦਾ ਹਾਂ ਕਿ ਕਾਂਗਰਸ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਜਿੱਤੇ।” ਹੈਰਾਨੀ ਵਾਲੀ ਗੱਲ ਇਹ ਹੈ ਕਿ ਆਜ਼ਾਦ ਨੇ ਕਾਂਗਰਸ ‘ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਉਹ ਹਿੰਦੂ ਅਤੇ ਮੁਸਲਿਮ ਕਿਸਾਨਾਂ ਨੂੰ ਨਾਲ ਲੈ ਕੇ ਚੱਲਦੀ ਹੈ। ਕਾਂਗਰਸ ਦੀ ਤਾਰੀਫ਼ ਕਰਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ ਨੇ ‘ਆਪ’ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ,”ਆਪ ਪੰਜਾਬ ‘ਚ ਅਸਫ਼ਲ ਰਹੀ ਹੈ। ਉਹ ਇਨ੍ਹਾਂ ਸੂਬਿਆਂ ‘ਚ ਕੁਝ ਨਹੀਂ ਕਰ ਸਕਦੀ ਅਤੇ ਪੰਜਾਬ ਦੇ ਲੋਕ ‘ਆਪ’ ਨੂੰ ਦੁਬਾਰਾ ਵੋਟ ਨਹੀਂ ਦੇਣਗੇ।”