ਵਿਧਾਨ ਸਭਾ ਜ਼ਿਮਨੀ ਚੋਣ : UP ਤੇ ਆਦਮਪੁਰ ‘ਚ ਭਾਜਪਾ ਦਾ ਡੰਕਾ

ਨਵੀਂ ਦਿੱਲੀ – 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਐਤਵਾਰ ਸਵੇਰੇ ਸ਼ੁਰੂ ਹੋਈ। ਜਿਸ ਦੇ ਨਤੀਜੇ ਆ ਗਏ ਹਨ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਗੋਲਾ ਗੋਕਰਨਨਾਥ ਵਿਧਾਨ ਸੀਟ ਤੋਂ ਭਾਜਪਾ ਉਮੀਦਵਾਰ ਅਮਨ ਗਿਰੀ ਨੇ 34 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕਰ ਕਰ ਲਈਆਂ ਹਨ। ਇਹ ਸੀਟ ਅਮਨ ਦੇ ਪਿਤਾ ਅਰਵਿੰਦ ਗਿਰੀ ਦੇ ਦਿਹਾਂਤ ਕਾਰਨ ਖ਼ਾਲੀ ਹੋਈ ਸੀ। ਅਧਿਕਾਰਤ ਸੂਤਰਾਂ ਅਨੁਸਾਰ ਗਿਰੀ ਨੇ ਆਪਣੇ ਮੁਕਾਬਲੇਬਾਜ਼ ਸਮਾਜਵਾਦੀ ਪਾਰਟੀ (ਸਪਾ) ਦੇ ਵਿਨੇ ਤਿਵਾੜੀ ਨੂੰ ਕਰੀਬ 34,298 ਵੋਟਾਂ ਨਾਲ ਹਰਾਇਆ। ਗਿਰੀ ਨੂੰ ਕੁੱਲ 1,24,810 ਵੋਟਾਂ ਮਿਲੀਆਂ। ਉੱਥੇ ਹੀ ਬਿਹਾਰ ਦੀ ਮੋਕਾਮਾ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਤੋਂ ਬਾਅਦ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਇਸ ਸੀਟ ਨੂੰ ਬਰਕਰਾਰ ਰੱਖਿਆ। ਰਾਜਦ ਵਿਧਾਇਕ ਅਨੰਤ ਕੁਮਾਰ ਸਿੰਘ ਨੂੰ ਅਯੋਗ ਠਹਿਰਾਏ ਜਾਣ ਤੋਂ ਬਾਅਦ ਇਹ ਸੀਟ ਖ਼ਾਲੀ ਹੋਈ ਸੀ। ਪਾਰਟੀ ਉਮੀਦਵਾਰ ਅਤੇ ਸਿੰਘ ਦੀ ਪਤਨੀ ਨੀਲਮ ਦੇਵੀ ਨੇ ਆਪਣੇ ਮੁਕਾਬਲੇਬਾਜ਼ ਅਤੇ ਭਾਜਪਾ ਉਮੀਦਵਾਰ ਸੋਨਮ ਦੇਵੀ ਨੂੰ 16 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾਇਆ। ਨੀਲਮ ਦੇਵੀ ਨੂੰ 79,744 ਅਤੇ ਸੋਨਮ ਦੇਵੀ ਨੂੰ 63,003 ਵੋਟਾਂ ਮਿਲੀਆਂ।
ਉੱਥੇ ਹੀ ਹਰਿਆਣਾ ‘ਚ ਆਦਮਪੁਰ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ‘ਚ 9 ਪੜਾਅ ਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਭਵਯ ਬਿਸ਼ਨੋਈ ਆਪਣੇ ਮੁਕਾਬਲੇਬਾਜ਼ ਕਾਂਗਰਸ ਦੇ ਜੈਪ੍ਰਕਾਸ਼ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਭਜਨ ਲਾਲ ਦੇ ਛੋਟੇ ਬੇਟੇ ਕੁਲਦੀਪ ਬਿਸ਼ਨੋਈ ਦੇ ਕਾਂਗਰਸ ਤੋਂ ਅਸਤੀਫਾ ਦੇਣ ਅਤੇ ਭਾਜਪਾ ‘ਚ ਸ਼ਾਮਲ ਹੋਣ ਕਾਰਨ ਆਦਮਪੁਰ ਸੀਟ ‘ਤੇ ਜ਼ਿਮਨੀ ਚੋਣ ਜ਼ਰੂਰੀ ਹੋਈ। ਆਦਮਪੁਰ ਸੀਟ ‘ਤੇ 1968 ਤੋਂ ਭਜਨ ਲਾਲ ਪਰਿਵਾਰ ਦਾ ਕਬਜ਼ਾ ਹੈ। ਆਦਮਪੁਰ ਸੀਟ ਤੋਂ ਮਰਹੂਮ ਸਾਬਕਾ ਮੁੱਖ ਮੰਤਰੀ ਭਜਨ ਲਾਲ 9 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਪਤਨੀ ਜਸਮਾ ਦੇਵੀ ਇਕ ਵਾਰ ਅਤੇ ਉਨ੍ਹਾਂ ਦਾ ਪੁੱਤਰ ਕੁਲਦੀਪ ਚਾਰ ਵਾਰ ਵਿਧਾਇਕ ਰਹੇ ਹਨ।