ED ਦੇ ਸਾਹਮਣੇ ਪੇਸ਼ ਨਹੀਂ ਹੋਏ ਸੋਰੇਨ, ਕਿਹਾ- ਸੰਮਨ ਨਾ ਭੇਜੋ ਹਿੰਮਤ ਹੈ ਤਾਂ ਗ੍ਰਿਫਤਾਰ ਕਰ ਕੇ ਵਿਖਾਓ

ਰਾਂਚੀ – ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀਰਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਜਾਰੀ ਸੰਮਨ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਹ ਆਦਿਵਾਸੀ ਭਾਈਚਾਰੇ ਦੇ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਛੱਤੀਸਗੜ੍ਹ ਦੇ ਰਾਏਪੁਰ ’ਚ ਚਲੇ ਗਏ। ਈ. ਡੀ. ਨੇ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਮਾਮਲੇ ’ਚ ਪੁੱਛਗਿੱਛ ਲਈ ਸੋਰੇਨ ਨੰ ਸੰਮਨ ਭੇਜਿਆ ਸੀ ਅਤੇ ਸਵੇਰੇ 11 ਵਜੇ ਆਪਣੇ ਖੇਤਰੀ ਦਫਤਰ ’ਚ ਪੇਸ਼ ਹੋਣ ਲਈ ਕਿਹਾ ਸੀ।
ਸੋਰੇਨ ਨੇ ਆਪਣੀ ਰਿਹਾਇਸ਼ ਨੇੜੇ ਝਾਰਖੰਡ ਮੁਕਤੀ ਮੋਰਚਾ ਦੇ ਵਰਕਰਾਂ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਚੁਨੌਤੀ ਦਿੰਦੇ ਹੋਏ ਕਿਹਾ,‘‘ਈ. ਡੀ. ਨੇ ਸਾਜ਼ਿਸ਼ ਤਹਿਤ ਮੈਨੂੰ ਸੰਮਨ ਭੇਜਿਆ ਹੈ। ਜੇ ਮੈਂ ਅਪਰਾਧ ਕੀਤਾ ਹੈ ਤਾਂ ਪੁੱਛਗਿੱਛ ਲਈ ਸੰਮਨ ਭੇਜਣ ਦੀ ਬਜਾਏ ਮੈਨੂੰ ਗ੍ਰਿਫਤਾਰ ਕਰੋ। ਮੈਂ ਨਾ ਤਾਂ ਡਰਿਆ ਹੋਇਆ ਹਾਂ ਅਤੇ ਨਾ ਹੀ ਮੈਨੂੰ ਕੋਈ ਚਿੰਤਾ ਹੈ, ਸਗੋਂ ਮੈਂ ਹੋਰ ਮਜ਼ਬੂਤ ਹੋ ਰਿਹਾ ਹਾਂ। ਜੇ ਝਾਰਖੰਡ ਦੀ ਜਨਤਾ ਚਾਹੇ ਤਾਂ ਵਿਰੋਧੀਆਂ ਕੋਲ ਲੁਕਣ ਦੀ ਜਗ੍ਹਾ ਨਹੀਂ ਹੋਵੇਗੀ।’’