ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਵਿਰੋਧ ਵਿਚ ਕੱਲ੍ਹ ਪੰਜਾਬ ਬੰਦ ਦਾ ਐਲਾਨ

ਅੰਮ੍ਰਿਤਸਰ : ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦਾ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਦੌਰਾਨ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ਿਵ ਸੈਨਾ ਆਗੂ ਦੇ ਕਤਲ ਦੇ ਵਿਰੋਧ ਵਿਚ ਸ਼ਿਵ ਸੈਨਾ ਵਲੋਂ ਕੱਲ੍ਹ ਮਤਲਬ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਸ਼ਿਵ ਸੈਨਾ ਨੇ ਭਲਕੇ ਪੰਜਾਬ ਬੰਦ ਦੀ ਕਾਲ ਦਿੱਤੀ ਹੈ। ਦੱਸਣਯੋਗ ਹੈ ਕਿ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਉਸ ਸਮੇਂ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ ਜਦੋਂ ਉਹ ਇਕ ਮੰਦਰ ਦੇ ਬਾਹਰ ਕੂੜਾ ਸੁੱਟਣ ਦੇ ਵਿਰੋਧ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਸੂਤਰਾਂ ਮੁਤਾਬਕ ਹਮਲਾਵਰਾਂ ਵਲੋਂ ਸੂਰੀ ਨੂੰ ਲਗਭਗ ਪੰਜ ਗੋਲ਼ੀਆਂ ਮਾਰੀਆਂ ਗਈਆਂ, ਗੋਲੀਆਂ ਲੱਗਣ ਕਾਰਣ ਗੰਭੀਰ ਰੂਪ ਵਿਚ ਜ਼ਖਮੀ ਹੋਏ ਸੂਰੀ ਨੂੰ ਉਨ੍ਹਾਂ ਦੇ ਸਮਰਥਕ ਤੁਰੰਤ ਹਸਪਤਾਲ ਲੈ ਗਏ ਪਰ ਰਸਤੇ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਕੀ ਕਿਹਾ ਪੁਲਸ ਕਮਿਸ਼ਨਰ ਨੇ
ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਧੀਰ ਸੂਰੀ ਨੂੰ ਕਤਲ ਕਰਨ ਵਾਲੇ ਕਾਤਲ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਮੁਤਾਬਕ ਪੁਲਸ ਨੇ ਵਾਰਦਾਤ ਵਿਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਸ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਕਾਤਲ ਇਕੱਲਾ ਹੀ ਸੀ ਜਿਸ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪੁਲਸ ਅਧਿਕਾਰੀ ਨੇ ਕਿਹਾ ਹੈ ਕਿ ਕਾਨੂੰਨ ਮੁਤਾਬਕ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਲੋਕ ਸ਼ਾਂਤੀ ਬਣਾਈ ਰੱਖਣ। ਘਟਨਾ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮਚ ਗਿਆ ਅਤੇ ਸੂਰੀ ਦੇ ਸਮਰਥਕਾਂ ਵਲੋਂ ਖੂਨ ਨਾਲ ਲਥਪਥ ਹਾਲਤ ਵਿਚ ਹਸਪਤਾਲ ਲੈ ਗਏ ਪਰ ਰਸਤੇ ਵਿਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।