ਅੱਤਵਾਦੀ ਵਿੱਤ ਪੋਸ਼ਣ ਮਾਮਲਾ : ED ਨੇ ਵੱਖਵਾਦੀ ਸ਼ੱਬੀਰ ਸ਼ਾਹ ਦਾ ਘਰ ਕੀਤਾ ਕੁਰਕ

ਜੰਮੂ/ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਅੱਤਵਾਦੀਆਂ ਗਤੀਵਿਧੀਆਂ ਦੇ ਵਿੱਤ ਪੋਸ਼ਣ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਅਧੀਨ ਜੰਮੂ ਕਸ਼ਮੀਰ ਦੇ ਵੱਖਵਾਦੀ ਨੇਤਾ ਸ਼ੱਬੀਰ ਸ਼ਾਹ ਦਾ ਸ਼੍ਰੀਨਗਰ ਸਥਿਤ ਘਰ ਕੁਰਕ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 21.80 ਲੱਖ ਰੁਪਏ ਦਾ ਇਹ ਘਰ ਸ਼੍ਰੀਨਗਰ ਬਰਜੁੱਲਾ ਥਾਣਾ ਖੇਤਰ ਦੇ ਸਨਤ ਨਗਰ ਦੀ ਬੇਤਸ਼ਾਹ ਕਾਲੋਨੀ ‘ਚ ਸਥਿਤ ਹੈ। ਸ਼ਾਹ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ ਮਈ 2017 ‘ਚ ਲਸ਼ਕਰ-ਏ-ਤੋਇਬਾ (ਐੱਲ.ਈ.ਟੀ. ਮੁਖੀ ਹਾਫਿਜ਼ ਸਈਅਦ ਅਤੇ ਹੋਰ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਦਰਜ ਐੱਫ.ਆਈ.ਆਰ. ਨਾਲ ਉਪਜਿਆ ਹੈ।
ਈ.ਡੀ. ਨੇ ਇਕ ਬਿਆਨ ‘ਚ ਕਿਹਾ,”ਸ਼ੱਬੀਰ, ਅਹਿਮਦ ਸ਼ਾਹ, ਘਾਟੀ ‘ਚ ਪਥਰਾਅ, ਜੁਲੂਸ, ਵਿਰੋਧ, ਬੰਦ, ਹੜਤਾਲ ਅਤੇ ਹੋਰ ਗਤੀਵਿਧੀਆਂ ਦੇ ਮਾਧਿਅਮ ਨਾਲ ਇੱਥੇ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ‘ਚ ਸਰਗਰਮ ਰੂਪ ਨਾਲ ਸ਼ਾਮਲ ਸੀ।” ਬਿਆਨ ‘ਚ ਕਿਹਾ ਗਿਆ,”ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ (ਐੱਚ.ਐੱਮ.) ਅਤੇ ਪਾਕਿਸਤਾਨ ‘ਚ ਸਥਿਤ ਹੋਰ ਸੰਗਠਨਾਂ ਤੋਂ ਹਵਾਲਾ ਅਤੇ ਵੱਖ-ਵੱਖ ਹੋਰ ਤਰੀਕਿਆਂ ਨਾਲ ਪੈਸੇ ਇਕੱਠੇ ਕਰ ਰਿਹਾ ਸੀ। ਇਨ੍ਹਾਂ ਪੈਸਿਆਂ ਦਾ ਇਸਤੇਮਾਲ ਕਸ਼ਮੀਰ ਘਾਟੀ ‘ਚ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਪੋਸ਼ਿਤ ਕਰਨ ਲਈ ਕੀਤਾ ਜਾ ਰਿਹਾ ਸੀ।”