ਪਬਲੀਸਿਟੀ ਦੇ ਇਸ ਜ਼ਮਾਨੇ ‘ਚ ਇਕ ਵੱਡੀ ਫ਼ਿਲਮ ਬਿਨਾਂ ਧਮਾਕੇ ਦੇ ਰਿਲੀਜ਼ ਕਰ ਦਿੱਤੀ ਜਾਵੇ, ਕੀ ਅਜਿਹਾ ਸੰਭਵ ਹੈ? OTT ਪਲੈਟਫ਼ੌਰਮ ਐਮੇਜ਼ੌਨ ਪ੍ਰਾਈਮ ਨੇ ਨਿਰਮਾਤਾ-ਨਿਰਦੇਸ਼ਕ ਮਣੀਰਤਨਮ ਦੀ ਫ਼ਿਲਮ ਪੋਨੀਯਨ ਸੇਲਵਨ 1 ਯਾਨੀ PS1 ਨਾਲ ਇਹੀ ਕੀਤਾ ਹੈ। ਮਣੀਰਤਨਮ ਦਾ ਇਹ ਡ੍ਰੀਮ ਪ੍ਰੌਜੈਕਟ ਹੁਣ ਇਸ OTT ‘ਤੇ ਹੈ, ਪਰ ਕੁਝ ਸ਼ਰਤਾਂ ਅਤੇ ਹਿੰਦੀ ਦੇ ਦਰਸ਼ਕਾਂ ਨਾਲ ਭੇਦਭਾਵ ਦੇ ਨਾਲ।
ਉਂਝ ਤਾਂ OTT ‘ਤੇ ਇਸ ਦੇ ਆਉਣ ਦੀ ਨਾ ਤਾਂ ਕੋਈ ਚਰਚਾ ਹੋਈ ਅਤੇ ਨਾ ਹੀ ਇਸ ਗੱਲ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਕਿ ਦੁਨੀਆ ਭਰ ‘ਚ ਬਲੌਕਬਸਟਰ ਰਹੀ ਇਹ ਫ਼ਿਲਮ ਐਮੇਜ਼ੌਨ ਪ੍ਰਾਈਮ ਨੇ ਆਪਣੇ ਦਰਸ਼ਕਾਂ ਲਈ ਉਪਲਬਧ ਕਰਾ ਦਿੱਤੀ ਹੈ।
ਐਸ਼ਵਰਿਆ ਰਾਏ ਬੱਚਨ, ਵਿਕਰਮ, ਜਯਮ ਰਵੀ, ਕਾਰਥੀ, ਤ੍ਰਿਸ਼ਾ ਕ੍ਰਿਸ਼ਣਨ, ਸ਼ੋਭਿਤਾ ਧੂਲੀਪਲਾ ਸਮੇਤ ਕਈ ਸਿਤਾਰਿਆਂ ਨਾਲ ਸਜੀ ਇਸ ਫ਼ਿਲਮ ਨੂੰ ਤਾਮਿਲ ‘ਚ ਜ਼ਬਰਦਸਤ ਕਾਮਯਾਬੀ ਮਿਲੀ ਹੈ। ਫ਼ਿਲਮ ਬਲੌਕਬਸਟਰ ਰਹੀ, ਪਰ ਹਿੰਦੀ ਬੈੱਲਟ ‘ਚ ਇਹ ਕੁਝ ਖ਼ਾਸ ਬਿਜ਼ਨਸ ਨਹੀਂ ਕਰ ਪਾਈ। ਜਿਨ੍ਹਾਂ ਦਰਸ਼ਕਾਂ ਨੇ ਇਸ ਨੂੰ ਸਿਨੇਮਾਘਰਾਂ ‘ਚ ਨਹੀਂ ਦੇਖਿਆ, ਉਹ ਹੁਣ OTT ‘ਤੇ ਦੇਖ ਸਕਦੇ ਹਨ ਪਰ ਕਹਾਣੀ ‘ਚ ਇੱਕ ਟਵਿਸਟ ਹੈ।
ਐਮੇਜ਼ੌਨ ਪ੍ਰਾਈਮ ਨੇ ਇਸ ਨੂੰ ਫ਼ਿਲਹਾਲ ਆਪਣੇ ਪਲੈਟਫ਼ਾਰਮ ‘ਤੇ ਤਾਂ ਪਾ ਦਿੱਤਾ ਹੈ ਪਰ ਕੇਵਲ ਤਾਮਿਲ, ਤੇਲਗੂ, ਕੰਨੜਾ ਅਤੇ ਮਲਿਆਲਮ ਦਰਸ਼ਕਾਂ ਲਈ। ਨਾਲ ਹੀ ਇਸ ‘ਚ ਸ਼ਰਤ ਹੈ ਕਿ ਆਉਣ ਵਾਲੇ ਸੱਤ ਦਿਨਾਂ ਤਕ ਇਸ ਫ਼ਿਲਮ ਨੂੰ ਭਾਰਤ ‘ਚ ਦੇਖਣ ਲਈ 199 ਰੁਪਏ ਅਦਾ ਕਰਨੇ ਪੈਣਗੇ। ਮਤਲਬ ਫ਼ਿਲਮ ਕਿਰਾਏ ‘ਤੇ 48 ਘੰਟਿਆਂ ਲਈ ਮਿਲੇਗੀ ਜਿਸ ਨੂੰ ਇਕ ਵਾਰ ਦੇਖਿਆ ਜਾ ਸਕੇਗਾ। ਹਿੰਦੀ ਦੇ ਦਰਸ਼ਕਾਂ ਨੂੰ ਇਹ ਸੁਵਿਧਾ ਅਜੇ ਤਕ ਨਹੀਂ ਦਿੱਤੀ ਗਈ।
ਐਮੇਜ਼ੌਨ ਪ੍ਰਾਈਮ ਨੇ ਆਪਣੀ ਐਪ ‘ਤੇ ਫ਼ਿਲਮ ਨਾਲ ਲਿਖਿਆ ਕਿ ਸੱਤ ਦਿਨਾਂ ਬਾਅਦ ਚਾਰ ਨਵੰਬਰ ਨੂੰ ਇਹ ਆਮ ਦਰਸ਼ਕਾਂ ਲਈ ਰਿਲੀਜ਼ ਕਰ ਦਿੱਤੀ ਜਾਵੇਗੀ, ਪਰ ਓਦੋਂ ਵੀ ਫ਼ਿਲਮ ਹਿੰਦੀ ਦਰਸ਼ਕਾਂ ਲਈ ਆਵੇਗੀ ਜਾਂ ਨਹੀਂ, ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਚਰਚਾ ਇਹ ਵੀ ਹੈ ਕਿ ਫ਼ਿਲਮ ਦਾ HD ਪ੍ਰਿੰਟ ਲੀਕ ਹੋ ਕੇ ਕੁਝ ਵੈੱਬਸਾਈਟਾਂ ‘ਤੇ ਪਹੁੰਚ ਚੁੱਕਾ ਹੈ ਜਿਸ ਦਾ ਸਿੱਧਾ ਅਸਰ ਐਮੇਜ਼ੌਨ ‘ਤੇ ਪੈ ਸਕਦਾ ਹੈ।