ਸਿਆਸੀ ਝਰੋਖਾ – 12

ਜਗਮੀਤ ਬਰਾੜ ਦੀ ਸਿਆਸੀ ਤ੍ਰਾਸਦੀ – 2
ਸਾਡੇ ਇਲਾਕੇ ‘ਚ ਸਮੇਂ-ਸਮੇਂ ਕੁਛ ਥਾਵਾਂ ‘ਤੇ ਮੈਂ ਤੇ ਜਗਮੀਤ ਸਿੰਘ ਨੇ ਮੋਏ ਮਿੱਤਰਾਂ ਨੂੰ ਇਕੱਠਿਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਨੇ। ਜਦ ਮਿਲਦਾ ਹੈ ਤਾਂ ਦਿਲੋਂ ਮੋਹ ਨਾਲ ਮਿਲਦੈ। ਦੇਰ ਦੀ ਗੱਲ ਹੈ, ਉਹਨੇ ਪੰਜਾਬੀ ਟ੍ਰਿਬਿਊਨ ‘ਚ ਮੇਰਾ ਕੁਛ ਪੜ੍ਹਿਆ। ਹੇਠਾਂ ਮੇਰਾ ਫ਼ੋਨ ਨੰਬਰ ਵੀ ਛਪਿਆ ਹੋਇਆ ਸੀ। ਫ਼ੋਨ ਵਜਦਾ ਹੈ, ”ਨਿੰਦਰ ਜੀ, ਸਤਿ ਸ਼ਰੀ ਅਕਾਲ, ਮੈਂ ਜਗਮੀਤ ਸਿੰਘ ਬਰਾੜ ਬੋਲਦੈਂ, ਛੋਟੇ ਵੀਰ, ਆਹ ਤੇਰੇ ਲੇਖ ਨੇ ਮੋਹ ਈ ਲਿਐ ਮੈਨੂੰ, ਬਸ ਪੜ੍ਹਨ ਤੋਂ ਬਾਅਦ ਫ਼ੋਨ ਕਰੇ ਬਿਨਾ ਰਿਹਾ ਨੀ ਗਿਆ, ਸਾਬਾਸ਼, ਵੀਰ, ਦੱਬ ਕੇ ਲਿਖਦਾ ਰਹਿ, ਮੇਰੀਆਂ ਸ਼ੁਭ ਇਛਾਵਾਂ ਨੇ ਤੈਨੂੰ।” ਇਹ ਓਦੋਂ ਦੀ ਗੱਲ ਹੈ ਜਦੋਂ ਉਹ ਹਾਲੇ ਸ਼ੁੱਧ ਕਾਂਗਰਸੀ ਸੀ। ਚੰਗਾ ਲੱਗਿਆ ਕਿ ਨੇਤਾਵਾਂ ਵਿਚੋਂ ਸਾਹਿਤ ਪੜ੍ਹਨ ਵਾਲੇ ਵੀ ਹੈਗੇ ਨੇ। ਮੈਂ ਉਹਦਾ ਫ਼ੋਨ ਸੇਵ ਕਰ ਲਿਆ ਅਤੇ ਕਦੇ-ਕਦੇ ਗੱਲ ਹੁੰਦੀ ਰਹਿੰਦੀ।
***
ਭਾਗ ਸਿੰਘ ਵਾਲੇ ਦਾ ਰਹਿਣ ਵਾਲਾ ਅੰਕਲ ਜਗਦੇਵ ਸਿੰਘ ਚੇਅਰਮੈਨ ਅਤੇ ਮੈਂ ਮੁਕਤਸਰੋਂ ਜਗਮੀਤ ਸਿੰਘ ਦੇ ਜੱਦੀ ਪੁਰਾਣੇ ਘਰ ਮੂਹਰਿਓਂ ਲੰਘੇ ਤਾਂ ਉਹ ਵਿਹੜੇ ‘ਚ ਖਲੋਤਾ ਵਰਕਰਾਂ ਨੂੰ ਮਿਲਦਾ ਕੇਸ ਸੁਕਾ ਰਿਹਾ ਸੀ। ਉਸ ਦੇ ਮਾਤਾ ਜੀ ਵੀ ਕੋਲ ਖੜ੍ਹੇ ਸਨ। ਬੜਾ ਉਡ ਕੇ ਮਿਲਿਆ। ਚਾਹ ਪਾਣੀ ਪਿਲਾਇਆ। ਪੁੱਛਿਆ ਕਿ ਨਿੰਦਰ ਜੀ, ਕੋਈ ਸੇਵਾ ਦੱਸੋ? ਨਹੀਂ ਬਾਈ ਜੀ, ਇਧਰ ਸੇ ਗ਼ੁਜ਼ਰਾ ਥਾ, ਸੋਚਾ ਸਲਾਮ ਕਰਤਾ ਚਲੂੰ।
ਚੰਡੀਗੜ੍ਹੋਂ ਛਪਦੇ ਸ਼ੁਸ਼ੀਲ ਦੁਸਾਂਝ ਦਾ ਸਾਹਿਤਕ ਰਸਾਲਾ ਹੁਣ ਅਤੇ ਗੁਰਬਚਨ ਦਾ ਫ਼ਿਲਹਾਲ ਪੱਕੇ ਤੌਰ ‘ਤੇ ਖ਼ਰੀਦ ਕੇ ਪੜ੍ਹਦਾ ਅਤੇ ਪੜ੍ਹ ਕੇ ਲੇਖਕਾਂ ਨੂੰ ਫ਼ੋਨ ਕਰਦਾ। ਮੇਰਾ ਕਿਰਪਾਲ ਕਜ਼ਾਕ ਬਾਰੇ ਸ਼ਬਦ ਚਿਤਰ ਪੜ੍ਹ ਕੇ ਫ਼ੋਨ ਆਉਂਦਾ ਹੈ, ਉਹ ਹੱਸੀ ਜਾਂਦਾ ਹੈ। ਕਹਿੰਦਾ ਹੈ ਕਿ ਕਜਾਕ ਸਾਹਬ ਨੂੰ ਪੜ੍ਹਿਆ ਤਾਂ ਬਹੁਤ ਐ, ਹੁਣ ਆਪ ਦਾ ਸ਼ਬਦ ਚਿਤਰ ਪੜ੍ਹ ਕੇ ਉਨ੍ਹਾਂ ਨੂੰ ਮਿਲਣ ਦੀ ਜਗਿਆਸਾ ਜਿਹੀ ਬਣ ਗਈ ਹੈ। ਇਕ ਦਿਨ ਫ਼ੋਨ ‘ਤੇ ਪ੍ਰੋ. ਗੁਰਭਜਨ ਗਿੱਲ ਦਸ ਰਹੇ ਸਨ ਕਿ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਦੇ ਪਰਿਵਾਰ ਦੀ ਔਖੇ ਸਮੇਂ ‘ਚ ਬਾਂਹ ਜਗਮੀਤ ਸਿੰਘ ਬਰਾੜ ਦੇ ਪਿਤਾ ਗੁਰਮੀਤ ਸਿੰਘ ਬਰਾੜ ਨੇ ਹੀ ਫ਼ੜੀ ਸੀ। ਉਹ ਮੰਤਰੀ ਸਨ ਅਤੇ ਆਖ ਵੇਖ ਕੇ ਨੂਰਪੁਰੀ ਜੀ ਦੇ ਬੇਟੇ ਨੂੰ ਰੋਡਵੇਜ਼ ‘ਚ ਕੰਡਕਟਰ ਰਖਵਾਇਆ ਸੀ ਤਾਂ ਕਿ ਘਰ ਦਾ ਚੁੱਲ੍ਹਾ ਬਲਦਾ ਰਹੇ।
***
2012 ਦੀ ਗੱਲ ਹੈ ਜਦੋਂ ਮੇਰੇ ਪਿਤਾ ਜੀ ਪੂਰੇ ਹੋਏ। ਬਰਾੜ ਸਾਹਿਬ ਦਾ ਦਿੱਲੀਓਂ ਫ਼ੋਨ ਆਇਆ ਅਤੇ ਅਫ਼ਸੋਸ ਕਰ ਕੇ ਭੋਗ ‘ਤੇ ਨਾ ਅੱਪੜ ਸਕਣ ਦੀ ਖਿਮਾ ਮੰਗੀ। 2013 ‘ਚ ਪੰਜਾਬ ਸਰਕਾਰ ਵਲੋਂ ਸਾਹਿਤ ਖੇਤਰ ਵਾਸਤੇ ਮੈਨੂੰ ਸਟੇਟ ਐਵਾਰਡ ਮਿਲਿਆ ਅਤੇ ਫ਼ੋਨ ਆਇਆ, ਕਿੱਥੇ ਓ ਛੋਟੇ ਵੀਰ? ਮੈਂ ਸਾਦਿਕ ਬੈਠਾ ਹਾਂ ਅਰੋੜਾ ਸਾਹਬ ਕੋਲ ਮੈਡੀਕਲ ਹਾਲ ‘ਚ। ਬਰਾੜ ਸਾਹਬ ਆਪਣੇ ਐਡਵੋਕੇਟ ਰਿਸ਼ਤੇਦਾਰ ਸ਼ੈਂਪੀ ਸਿੱਧੂ ਨਾਲ ਐਵਾਰਡ ਦੀ ਵਧਾਈ ਦੇਣ ਆਉਂਦੇ ਹਨ। ਚਾਹ ਪੀਂਦੇ ਹਾਂ। ਗਾਰਗੀ ਜੀ ਬਾਰੇ ਤਾਜ਼ਾ ਛਪੀ ਆਪਣੀ ਕਿਤਾਬ ਭੇਂਟ ਕਰਦਾ ਹਾਂ। ਉਹ ਗਾਰਗੀ ਦੀਆਂ ਗੱਲਾਂ ਕਰਦਾ ਹੈ। ਜਾਣ ਲੱਗਿਆਂ ਕਹਿੰਦਾ ਹੈ ਕਿ ਮੈਂ ਸਿਆਸੀ ਪੱਧਰ ਤੋਂ ਉਤਾਂਹ ਉੱਠ ਕੇ ਮੁੱਖ ਮੰਤਰੀ ਬਾਦਲ ਜੀ ਦਾ ਇਸ ਗੱਲੋਂ ਧੰਨਵਾਦ ਕਰਦਾਂ ਕਿ ਸਾਡੇ ਇਕ ਨੌਜਵਾਨ ਲੇਖਕ ਨੂੰ ਇਸ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ।
***
ਅਕਾਲੀ ਦਲ ‘ਚ ‘ਚ ਛੇਤੀ ਹੀ ਉਹਦਾ ਸਾਹ ਘੁੱਟਿਆ ਗਿਆ ਹੈ। ਹੁਣ ਉਹ ਫ਼ਿਰ ਚਰਚਾ ਹੈ, ਕਹਿੰਦਾ ਹੈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਰੇ ਕਰੋ। ਇਸ ‘ਤੇ ਅਕਾਲੀ ਬੁਲਾਰੇ ਡਾ. ਦਲਜੀਤ ਚੀਮਾ ਉਸ ਨੂੰ ਨਸੀਹਤ ਦਿੰਦਿਆਂ ਆਖ ਰਿਹਾ ਸੀ ਕਿ ਬਰਾੜ ਸਾਹਬ ਪਾਰਟੀਆਂ ਦੇ ਪ੍ਰਧਾਨ ਇਓਂ ਰਾਤੋ ਰਾਤ ਨਹੀਂ ਬਦਲੇ ਜਾਂਦੇ ਹੁੰਦੇ। ਅਖੀਰ ਉਸ ਨੂੰ ਅਕਾਲੀ ਦਲ ਨੇ ਮਲੂਕਾ ਜੀ ਦੀ ਅਗਵਾਈ ‘ਚ ਨੋਟਿਸ ਭੇਜ ਕੇ ਪੁਛਿਆ ਹੈ ਕਿ ਆਪ ਨੇ ਪਾਰਟੀ ਵਿਰੋਧੀ ਬਿਆਨ ਕਿਓਂ ਦਿੱਤਾ। ਇਸ ਗੱਲ ਦਾ ਉਸ ਤੋਂ ਜਵਾਬ ਮੰਗਿਆ ਗਿਆ ਹੈ, ਅਤੇ ਇਸ ਕਾਰਣ ਹੁਣ ਉਸ ਦੇ ਤੇਵਰ ਤੱਤੇ ਨੇ । ਜਗਮੀਤ ਬਰਾੜ ਅਕਾਲੀ ਦਲ ‘ਚ ਫ਼ੇਰ ਬਦਲ ਦਾ ਸੱਚੇ ਦਿਲੋਂ ਇੱਛੁਕ ਹੈ। ਉਹ ਦਲ ‘ਚ ਪੁਰਾਣਿਆਂ ਅਤੇ ਟਕਸਾਲੀਆਂ ਦੀ ਪੁੱਛ-ਦੱਸ ਚਾਹੁੰਦਾ ਹੈ, ਅਤੇ ਹੁਣ ਵੇਖਣਾ ਹੈ ਕਿ ਸੁਖਬੀਰ ਕਿਆਂ ਨੂੰ ਦੋਬਾਰੇ ਫ਼ਿਰ ਕਦੋਂ ਵਾਹਣੀ ਪਾਉਂਦਾ ਹੈ ਅਤੇ ਅਕਾਲੀ ਦਲ ‘ਚੋਂ ਬਾਹਰ ਕਿੱਦਣ ਆਉਂਦਾ ਹੈ। ਕੁਝ ਵੀ ਹੋਵੇ, ਉਹ ਪੰਜਾਬ ਪੱਖੀ ਹੈ ਪਰ ਵਾਹ ਨਹੀਂ ਚੱਲਦੀ ਦੀਂਹਦੀ ਉਹਦੀ। ਸਮਾਂ ਦੇਖੋ, ਸਮੇਂ ਦੇ ਰੰਗ ਦੇਖੋ!