ਡਾ. ਦੇਵਿੰਦਰ ਮਹਿੰਦਰੂ
ਸੁਪਨਿਆਂ ਜਿਹੇ ਲੋਕ
”ਅੱਧੀ ਰਾਤ ਪਹਿਰ ਦੇ ਤੜਕੇ
ਅੱਖਾਂ ਵਿੱਚ ਉਨੀਂਦਾ ਰੜਕੇ
ਆਪਣਾ ਕਮਰਾ ਝਾੜਨ ਲੱਗਦਾਂ
ਦੂਰ ਕਿਤੇ ਜਦ ਕੁੰਡਾ ਖੜਕੇ”
ਲਿਖਣ ਵਾਲੇ ਸੋਹਣ ਸਿੰਘ ਮੀਸ਼ਾ ਇੱਕ ਦਿਨ ਰੇਡੀਓ ਸਟੇਸ਼ਨ ‘ਚ ਖਲੋਤੇ ਕਹਿ ਰਹੇ ਸਨ, ”ਪਤਾ ਨਹੀਂ ਕਿਉਂ ਅੱਜਕੱਲ੍ਹ ਕੁਝ ਲਿਖਿਆ ਨਹੀਂ ਜਾ ਰਿਹਾ ਅਤੇ ਇਹ ਗੱਲ ਮੈਨੂੰ ਬਹੁਤ ਤਕਲੀਫ਼ ਦਿੰਦੀ ਏ।” ਜਗਜੀਤ ਸਿੰਘ ਗਾ ਰਹੇ ਹਨ, ਅਤੇ ਮੈਨੂੰ ਮੀਸ਼ਾ ਜੀ ਦੀ ਕਹੀ ਇਹ ਗੱਲ ਯਾਦ ਆ ਰਹੀ ਹੈ। ਜਦੋਂ ਅੱਧੀ ਰਾਤ ਪਹਿਰ ਦੇ ਤੜਕੇ ਉਨ੍ਹਾਂ ਨੇ ਲਿਖਿਆ ਹੋਵੇਗਾ, ਆਪਣੇ ਜਜ਼ਬਾਤ ਸ਼ਬਦਾਂ ‘ਚ ਪਰੋ ਕੇ ਕਿੰਨੀ ਸਾਂਤੀ ਮਿਲੀ ਹੋਵੇਗੀ ਕਵੀ ਮੀਸ਼ਾ ਨੂੰ!
****
ਇੱਕ ਦਿਨ ਜਲੰਧਰ ਰੇਡੀਓ ਵਿੱਚ ਇੱਕ ਅਣਪਛਾਤੇ ਵਿਅਕਤੀ ਨੂੰ ਦੇਖਿਆ। ਉਹਨੇ ਗੋਦੀ ਇੱਕ ਛੋਟਾ ਜਿਹਾ ਬੱਚਾ ਚੁੱਕਿਆ ਹੋਇਆ ਸੀ। ਅੱਗੇ-ਅੱਗੇ ਇੱਕ ਬਣੀ ਸੰਵਰੀ ਔਰਤ ਤੁਰ ਰਹੀ ਸੀ। ਕਿਸੇ ਨੂੰ ਪੁੱਛਿਆ ਕਿ ਏਹ ਕੌਣ ਨੇ? ਤਾਂ ਜਵਾਬ ਮਿਲਿਆ ਕਿ ਨਵੇਂ ਪ੍ਰੋਡਿਊਸਰ ਆਏ ਨੇ ਡਰਾਮਾ ਦੇ ਵਿਨੋਦ ਧੀਰ ਜੀ। ਓਦੋਂ ਤਕ ਮੈਂ ਅਜਿਹਾ ਸੀਨ ਕਦੇ ਨਹੀਂ ਸੀ ਦੇਖਿਆ। ਆਪਣੇ ਪਿੰਡ ਤਾਂ ਔਰਤਾਂ ਬੱਚਾ ਗੋਦੀ ਚੁੱਕ ਕੇ ਆਦਮੀ ਦੇ ਪਿੱਛੇ ਪਿਛੇ ਤੁਰਦੀਆਂ ਹੀ ਦੇਖੀਆਂ ਸਨ। 1980 ਦੇ ਨੇੜੇ ਤੇੜੇ ਦੀ ਗੱਲ ਹੋਵੇਗੀ। ਉਸ ਤੋਂ ਬਾਅਦ ਜਦੋਂ ਵੀ ਕਦੇ ਵੀਨਾ ਧੀਰ ਨੂੰ ਮਿਲੀ, ਉਨ੍ਹਾਂ ਦਾ ਪਹਿਲੇ ਦਿਨ ਵਾਲਾ ਰੂਪ ਹੀ ਅੱਖਾਂ ਅੱਗੇ ਆਇਆ ਮੇਰੇ, ਇੱਕ ਪੂਰੇ ਦੇ ਪੂਰੇ ਮਾਣ ਨਾਲ ਭਰੀ ਮਾਂ ਦਾ ਨਿੱਖਰਿਆ ਰੂਪ।
ਵਿਨੋਦ ਧੀਰ ਨੇ ਜਲੰਧਰ ਰੇਡੀਓ ਦੀ ਨੌਕਰੀ ਦੌਰਾਨ ਅਣਗਿਣਤ ਡਰਾਮੇ ਪ੍ਰੋਡਿਊਸ ਕੀਤੇ, ਪੰਜਾਬੀ ਅਤੇ ਹਿੰਦੀ ਦੋਹਾਂ ‘ਚ। ਪਹਿਲੀ ਵਾਰ ਜਲੰਧਰ ਰੇਡੀਓ ਦੇ ਹਿੰਦੀ ਨਾਟਕ ਨੂੰ ਬੈੱਸਟ ਹਿੰਦੀ ਨਾਟਕ ਦਾ ਐਵਰਡ ਮਿਲਿਆ ਸੀ ਜਿਸ ਦਾ ਨਿਰਦੇਸ਼ਨ ਧੀਰ ਸਾਹਿਬ ਨੇ ਹੀ ਕੀਤਾ ਸੀ, ਅਤੇ ਉਸ ਨਾਟਕ ਨੂੰ ਸੁਰੇਸ਼ ਸਾਗਰ ਨੇ ਪ੍ਰੋਡਿ ਊਸ ਕੀਤਾ ਸੀ। ਬਾਅਦ ‘ਚ ਧੀਰ ਸਾਹਿਬ ਹਮੀਰਪੁਰ ਰੇਡੀਓ ਦੇ ਪ੍ਰਮੁੱਖ ਬਣ ਗਏ ਅਤੇ ਉੱਥੇ ਵੀ ਹਿੰਦੀ ਨਾਟਕ ਪ੍ਰੋਡਿਊਸ ਕੀਤੇ। ਮੇਰੀ ਪੰਜਾਬੀ ਕਹਾਣੀ ਦਾ ਹਿੰਦੀ ਅਨੁਵਾਦ ਕਰਕੇ ਉਸ ‘ਤੇ ਆਧਾਰਿਤ ਹਿੰਦੀ ਨਾਟਕ ਦਾ ਪ੍ਰਸਾਰਣ ਵੀ ਹਮੀਰਪੁਰ FM ਤੋਂ ਕੀਤਾ ਸੀ, ਪਰ ਮੈਨੂੰ ਉਨ੍ਹਾਂ ਦਾ ਪਿਓ ਵਾਲਾ ਰੋਲ ਬਹੁਤ ਵਧੀਆ ਲੱਗਿਐ ਹਮੇਸ਼ਾ। ਬਹੁਤ ਪਿਆਰ ਨਾਲ ਪਾਲਿਆ ਉਨ੍ਹਾਂ ਨੇ ਆਪਣੇ ਪੁੱਤਰ ਨੂੰ।
”ਤਬ ਭੀ ਹੋਤਾ ਥਾ,ਅਬ ਭੀ ਹੋਤਾ ਹੈ, ਕਿਤਨਾ ਕੁਛ ਬੇਸਬਬ ਭੀ ਹੋਤਾ ਹੈ, ਦੇ ਤੋ ਸਕਤਾ ਹੂੰ ਜ਼ਿੰਦਗੀ ਕੋ ਜਵਾਬ, ਲੇਕਿਨ ਏਕ ਜਵਾਬ ਅਦਬ ਭੀ ਹੋਤਾ ਹੈ।” ਬਿਲਕੁਲ ਆਪਣੇ ਕਲਾਮ ਦੀ ਤਰ੍ਹਾਂ ਬਾ-ਅਦਬ ਸਨ ਰਾਜਸਥਾਨ ਤੋਂ ਆਏ ਰਾਜੇਸ਼ ਰੈਡੀ ਜੀ। ਜਲੰਧਰ ਰੇਡੀਓ ‘ਤਅੇ ਰਹਿੰਦਿਆਂ ਉਨ੍ਹਾਂ ਨੂੰ ਹਿੰਦੀ ਪ੍ਰੋਗਰਾਮ ਦਿੱਤੇ ਗਏ ਸਨ। ਬਹੁਤ ਧੀਮੇ ਸੁਭਾਓ ਦੇ, ਤੇ ਪੜ੍ਹਨ ਲਿਖਣ ਵਾਲੇ ਰੈਡੀ ਸਾਹਿਬ ਬਾਅਦ ‘ਚ ਵਿਵਿਧ ਭਾਰਤੀ ਮੁੰਬਈ ‘ਚ ਡਾਇਰੈਕਟਰ ਬਣ ਗਏ ਸਨ। ਅੱਜ ਤਾਂ ਵੱਡੇ ਵੱਡੇ ਕਲਾਕਾਰ ਉਨ੍ਹਾਂ ਦੀਆਂ ਗ਼ਜ਼ਲਾਂ ਗਾ ਕੇ ਵਾਹ ਵਾਹ ਲੁੱਟ ਰਹੇ ਹਨ। ਜਸਪਿੰਦਰ ਨਰੂਲਾ, ਚੰਦਨ ਦਾਸ, ਅਸ਼ੋਕ ਖੋਸਲਾ ਜਦੋਂ ਉਨ੍ਹਾਂ ਦੀਆਂ ਗ਼ਜ਼ਲਾਂ ਗਾਉਂਦੇ ਹਨ ਤਾਂ ਸਮਾਂ ਬੰਨ੍ਹਿਆ ਜਾਂਦੈ। ”ਸਾਰੀ ਸ਼ਿਕਾਇਤੇਂ ਤਿਰੇ ਲਹਿਜੇ ਸੇ ਹੈਂ ਮੁਝੇ, ਲਫ਼ਜ਼ੋਂ ਪੇ ਏਤਰਾਜ਼ ਤੋ ਕਰ ਹੀ ਨਹੀਂ ਰਹਾ।” ਅੱਜ ਵੀ ਕਦੇ ਫ਼ੋਨ ‘ਤੇ ਗੱਲ ਹੋਵੇ ਤਾਂ ਉਹੀ ਹਲੀਮੀ ਹੁੰਦੀ ਹੈ, ਉਹੀ ਬੇਲਾਗਪਨ ਹੁੰਦਾ ਅਤੇ ਉਹੀ ਮਿਠਾਸ ਭਰੇ ਬੋਲ।
ਜਲੰਧਰ ਰੇਡੀਓ ਦੀ ਲਾਇਬ੍ਰੇਰੀ ‘ਚ ਮੇਰੇ ਨਾਲ ਇੱਕ ਬਜ਼ੁਰਗ ਵੀ ਕੰਮ ਕਰਦੇ ਸਨ, ਐਡਵਿਨ ਨਾਂ ਸੀ। ਉਹ ਸਾਨੂੰ ਸਾਰਿਆਂ ਨੂੰ ਕ੍ਰਿਸਮਸ ‘ਤੇ ਘਰ ਬੁਲਾਉਂਦੇ ਹੁੰਦੇ ਸਨ। ਰਿਟਾਇਰਮੈਂਟ ਤੋਂ ਬਾਅਦ ਜਦੋਂ ਤਕ ਉਹ ਰਹੇ, ਨਾ ਕਦੇ ਉਹ ਦੀਵਾਲੀ ਦੀ ਵਧਾਈ ਦੇਣਾ ਭੁੱਲੇ, ਅਤੇ ਨਾ ਕ੍ਰਿਸਮਸ ‘ਤੇ ਘਰ ਬੁਲਾਉਣਾ ਭੁੱਲੇ। ਉਨ੍ਹਾਂ ਦੇ ਬੇਟੇ ਐਰਿਕ ਨੇ ਹਮੇਸ਼ਾ ਭੈਣ ਮੰਨਿਐ ਮੈਨੂੰ ਕਿਉਂਕਿ ਉਹ ਜਾਣਦਾ ਸੀ ਮੈਂ ਉਹਦੇ ਡੈਡੀ ਦੀ ਲਾਡਲੀ ਧੀ ਹਾਂ। ਹਾਂ ਜੀ, ਐਡਵਿਨ ਸਾਹਿਬ ਗ਼ਜ਼ਲ ਲਿਖਦੇ ਸਨ ਕਦੇ ਕਦੇ। ਸੁਣਾਉਂਦੇ ਸਨ ਕੋਲ ਬਿਠਾ ਕੇ। ਖ਼ੁਸ਼ੀ ਹੁੰਦੀ ਸੀ ਉਨ੍ਹਾਂ ਦੇ ਚਿਹਰੇ ਦੀ ਚਮਕ ਦੇਖ ਕੇ। ਜਦੋਂ ਉਹ ਆਪਣਾ ਕਲਾਮ ਸੁਣਾ ਰਹੇ ਹੁੰਦੇ ਸਨ, ਉਸ ਵੇਲੇ ਉਹ ਘਰ ਪਰਿਵਾਰ ਚਲਾਉਣ ਦਾ ਸਾਰਾ ਸੰਘਰਸ਼ ਲਾਂਭੇ ਰੱਖ ਕੇ ਬੈਠੇ ਹੁੰਦੇ ਸਨ।
ਅਤੇ ਓ ਪੀ ਸਰੰਗਲ, ਸਾਡੇ ਡਿਊਟੀ ਅਫ਼ਸਰ। ਸਾਰਾ ਦਿਨ ਗੁਣਗੁਣਾਉਂਦੇ ਇਧਰ ਤੋਂ ਉਧਰ ਘੁੰਮਦੇ ਰਹਿੰਦੇ। ਕਿਸੇ ਨੇ ਡਿਊਟੀ ਬਦਲਣੀ ਹੈ, ਕਿਸੇ ਨੇ ਫ਼ਰਲੋ ‘ਤੇ ਜਾਣੈ, ਸਰੰਗਲ ਸਾਹਿਬ ਸਭ ਦੀ ਸਹਾਇਤਾ ਲਈ ਤਿਆਰ ਅਤੇ ਘਰ ਵਿੱਚ ਭੈਣਾਂ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੇਵਾ ਲਈ ਵੀ ਹਮੇਸ਼ਾ ਤਤਪਰ। ਬਹੁਤ ਵਧੀਆ ਲਿਖਦੇ ਸਨ ਓ. ਪੀ. ਸਰੰਗਲ। ਉਨ੍ਹਾਂ ਦੀ ਗ਼ਜ਼ਲ ਤਾਂ ਇੱਕ ਕੌਨਸਰਟ ‘ਚ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਨੇ ਵੀ ਗਾਈ ਸੀ ਜਲੰਧਰ ਰੇਡੀਓ ਦੇ ਵਿਹੜੇ ਵਿੱਚ। ਸਭ ਕਲਾਤਮਕ ਅਤੇ ਸਾਹਿਤਕ ਰੂਹਾਂ ਸਨ… ਸੁਪਨਿਆਂ ਜਿਹੇ ਲੋਕ ਸਨ ਉਹ। ਇਨਾਂ ਸਭਨਾਂ ਨੂੰ ਕਦੇ ਸ਼ਿਮਲੇ ਬੈਠੀ ਅਤੇ ਕਦੇ ਜਲੰਧਰ ਘਰ ‘ਚ ਆਪਣੇ ਕਾਲਮਾਂ ਰਾਹੀਂ ਚੇਤੇ ਕਰ ਲੈਂਦੀ ਹਾਂ ਤਾਂ ਸਕੂਨ ਮਿਲਦਾ ਹੈ ਅਤੇ ਫ਼ਿਰ ਪਾਠਕਾਂ ਵਲੋਂ ਮਿਲੇ ਮੋਹ ਅਤੇ ਵਿਚਾਰਾਂ ਤੋਂ ਮਿਲ ਰਹੇ ਸਕੂਨ ਦਾ ਤਾਂ ਖ਼ੈਰ ਮੁੱਲ ਹੀ ਕੋਈ ਨਹੀਂ।