ਮਹਾਨ ਅਦਾਕਾਰਾਂ ਨਾਲ ਕੰਮ ਕਰ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦੀ ਹੈ ਪਰਿਨੀਤੀ

ਅਦਾਕਾਰਾ ਪਰਿਨੀਤੀ ਚੋਪੜਾ ਨੇ ਬੌਲੀਵੁਡ ਦੇ ਮਹਾਨ ਅਦਾਕਾਰਾਂ ਅਮਿਤਾਭ ਬੱਚਨ, ਅਨੁਪਮ ਖੇਰ, ਅਦਾਕਾਰਾ ਨੀਨਾ ਗੁਪਤਾ, ਡੈਨੀ ਡੈਂਜ਼ੋਗੱਪਾ, ਬੋਮਨ ਈਰਾਨੀ ਅਤੇ ਸਾਰਿਕਾ ਨਾਲ ਫ਼ਿਲਮ ਉਂਚਾਈ ‘ਚ ਕੰਮ ਕਰ ਕੇ ਕਾਫ਼ੀ ਕੁਝ ਸਿੱਖਿਆ ਹੈ। ਅਦਾਕਾਰਾ ਨੇ ਕਿਹਾ, ”ਉਂਚਾਈ ਮੇਰੀ ਜ਼ਿੰਦਗੀ ਦੀ ਬਹੁਤ ਹੀ ਖ਼ਾਸ ਫ਼ਿਲਮ ਹੈ ਕਿਉਂਕਿ ਇਸ ‘ਚ ਮੈਨੂੰ ਸਿਨੇ ਜਗਤ ਦੇ ਮਹਾਨ ਅਦਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਰੋਜ਼ਾਨਾ ਸੈੱਟ ‘ਤੇ ਜਾਣ ਲਈ ਅਤੇ ਇਨ੍ਹਾਂ ਤਜਰਬੇਕਾਰ ਅਦਾਕਾਰਾਂ ਤੋਂ ਕੁਝ ਨਵਾਂ ਸਿੱਖਣ ਲਈ ਬਹੁਤ ਉਤਸ਼ਾਹਿਤ ਹੁੰਦੀ ਸੀ। ਉਨ੍ਹਾਂ ਦਾ ਜਨੂੰਨ, ਉਨ੍ਹਾਂ ਦੀ ਲਗਨ ਅਤੇ ਉਨ੍ਹਾਂ ਦੇ ਬੋਲ ਮੈਨੂੰ ਨਾ ਸਿਰਫ਼ ਇਕ ਚੰਗਾ ਅਦਾਕਾਰ ਬਣਨ ਲਈ ਪ੍ਰੇਰਿਤ ਕਰਦੇ ਸਨ ਬਲਕਿ ਇਕ ਚੰਗਾ ਇਨਸਾਨ ਬਣਨ ਲਈ ਵੀ ਪ੍ਰੇਰਦੇ ਸਨ।” ਉਸ ਨੇ ਕਿਹਾ, ”ਮੈਂ ਇਨ੍ਹਾਂ ਦਿੱਗਜਾਂ ਵਿੱਚੋਂ ਹਰੇਕ ਤੋਂ ਕੁਝ ਨਾ ਕੁਝ ਸਿੱਖਿਆ ਹੈ।”