ਕਪੂਰਥਲਾ : ਅਕਾਲੀ ਦਲ ’ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਪੱਖ ਸਾਹਮਣੇ ਆਇਆ ਹੈ। ਬੀਬੀ ਨੇ ਕਿਹਾ ਹੈ ਕਿ ਉਹ ਪੰਥ ਅਤੇ ਪਾਰਟੀ ਦੇ ਸੇਵਾਦਾਰ ਹਨ ਅਤੇ ਉਨ੍ਹਾਂ ਨੇ ਕਦੇ ਵੀ ਪਾਰਟੀ ਜਾਂ ਪਾਰਟੀ ਦੇ ਕਿਸੇ ਵੀ ਆਗੂ ਖ਼ਿਲਾਫ਼ ਕੋਈ ਬਿਆਨਬਾਜ਼ੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਦੇ ਆਪਣੇ ਸਟੈਂਡ ’ਤੇ ਕਾਇਮ ਹਨ। ਜਿਹੜਾ ਵਚਨ ਉਨ੍ਹਾਂ ਨੇ ਕੀਤਾ ਹੈ, ਉਸ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਰਾ ਖਾਲਸਾ ਪੰਥ ਉਨ੍ਹਾਂ ਦੇ ਨਾਲ ਹੈ। ਜੇ ਖਾਲਸਾ ਪੰਥ ਚਾਹੇਗਾ ਤਾਂ ਉਹ ਇਕ ਵਾਰ ਫਿਰ ਪੰਥ ਦੀ ਸੇਵਾ ਜ਼ਰੂਰ ਕਰਨਗੇ। ਬੀਬੀ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਲਈ ਜਿੰਦ-ਜਾਨ ਲਗਾ ਦੇਣਗੇ ਪਰ ਪਾਰਟੀ ਅਤੇ ਪੰਥ ਦਾ ਸਿਰ ਕਦੇ ਵੀ ਨੀਵਾਂ ਨਹੀਂ ਹੋਣ ਦੇਣਗੇ।
ਭਾਜਪਾ ’ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਬੀਬੀ ਜਗੀਰ ਕੌਰ ਨੇ ਭਾਜਪਾ ਨਾਲ ਮਿਲੀਭੁਗਤ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ। ਮੈਂ ਅਕਾਲੀ ਦਲ ਦੀ ਸੇਵਾਦਾਰ ਹਾਂ, ਅਕਾਲੀ ਦਲ ਨੇ ਜਿਹੜੀਆਂ ਵੀ ਡਿਊਟੀਆਂ ਦਿੱਤੀਆਂ ਹਨ ਉਹ ਪੂਰੀ ਤਨਦੇਹੀ ਨਾਲ ਨਿਭਾਈਆਂ ਹਨ। ਮੇਰੇ ਨਾਂ ਨਾਲ ਨਾ ਸਾਬਕਾ ਲੱਗ ਸਕਦਾ ਹੈ ਅਤੇ ਨਾ ਹੀ ਬਾਗੀ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਮੇਰੀ ਮਨਜਿੰਦਰ ਸਿਰਸਾ ਨਾਲ ਕੋਈ ਸਾਂਝ ਹੈ ਅਤੇ ਨਾ ਹੀ ਭਾਜਪਾ ਨਾਲ। ਭਾਜਪਾ ’ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਨਾ ਹੀ ਉਹ ਕਦੇ ਇਸ ਬਾਰੇ ਸੋਚ ਸਕਦੇ ਹਨ। ਗਠਜੋੜ ਕਰਨਾ ਪਾਰਟੀ ਦੀ ਜ਼ਿੰਮੇਵਾਰੀ ਹੈ, ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੈ। ਜੋ ਪ੍ਰਧਾਨ ਕਰੇ ਮੈਂ ਉਨ੍ਹਾਂ ਦੇ ਨਾਲ ਹਾਂ, ਪਾਰਟੀ ਦਾ ਹਰ ਹੁਕਮ ਸਿਰ ਮੱਥੇ ਹੈ। ਬੀਬੀ ਨੇ ਕਿਹਾ ਕਿ ਪਾਰਟੀ ਜਿਸ ਨੂੰ ਵੀ ਪ੍ਰਧਾਨ ਬਣਾਵੇ ਉਹ ਚੰਗਾ ਹੈ। ਸਲਾਹ ਹਰ ਕੋਈ ਦਿੰਦਾ ਹੈ ਪਰ ਆਖਰੀ ਫ਼ੈਸਲਾ ਪ੍ਰਧਾਨ ਨੇ ਕਰਨਾ ਹੁੰਦਾ ਹੈ।
ਬਾਦਲ ਪਰਿਵਾਰ ਮੇਰਾ ਆਪਣਾ ਪਰਿਵਾਰ, ਸੁਖਬੀਰ ਬਹੁਤ ਮਿਹਨਤੀ ਲੀਡਰ
ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਦੀ ਬਹੁਤ ਸੇਵਾ ਕੀਤੀ ਹੈ ਅਤੇ ਇਸ ਪਰਿਵਾਰ ਨੂੰ ਉਹ ਆਪਣਾ ਪਰਿਵਾਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਹੁਤ ਹੀ ਮਿਹਨਤੀ ਲੀਡਰ ਹਨ, ਜਿਨ੍ਹਾਂ ਨੇ ਪਾਰਟੀ ਲਈ ਖੂਨ-ਪਸੀਨਾ ਵਹਾਇਆ ਹੈ, ਉਹ ਵੀ ਹਮੇਸ਼ਾ ਬਾਦਲ ਦੇ ਪਰਿਵਾਰ ਦੇ ਹੱਕ ’ਚ ਹੀ ਖੜ੍ਹੇ ਹੋਏ ਹਨ।
ਬੁੱਧਵਾਰ ਕੀਤਾ ਗਿਆ ਸੀ ਪਾਰਟੀ ’ਚੋਂ ਮੁਅੱਤਲ
ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਐੱਸ. ਜੀ. ਪੀ. ਸੀ. ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬੁੱਧਵਾਰ ਅਕਾਲੀ ਦਲ ਨੇ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ। ਬੀਬੀ ਜਗੀਰ ਕੌਰ ਖ਼ਿਲਾਫ਼ ਇਹ ਵੱਡੀ ਕਾਰਵਾਈ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਕੀਤੀ ਗਈ ਸੀ। ਅਨੁਸ਼ਾਸਨੀ ਕਮੇਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ’ਚੋਂ ਮੁਅੱਤਲ ਕੀਤਾ ਸੀ। ਇਸ ਤੋਂ ਇਲਾਵਾ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਤੋਂ 48 ਘੰਟਿਆਂ ਵਿਚ ਜਵਾਬ ਮੰਗਿਆ ਸੀ। ਪਾਰਟੀ ਨੇ ਆਖਿਆ ਕਿ ਬੀਬੀ ਜਗੀਰ ਕੌਰ 48 ਘੰਟਿਆਂ ਦੌਰਾਨ ਪਾਰਟੀ ਪੱਧਰ ’ਤੇ ਆਪਣੀ ਗੱਲ ਰੱਖ ਸਕਦੇ ਹਨ। ਇਸ ਤੋਂ ਇਲਾਵਾ ਉਹ ਮੀਡੀਆ ਵਿਚ ਐੱਸ. ਜੀ. ਪੀ. ਸੀ. ਚੋਣਾਂ ਤੋਂ ਪੈਰ ਪਿਛਾਂਹ ਖਿੱਚਣ ਦਾ ਵੀ ਐਲਾਨ ਵੀ ਕਰਨ, ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਪਾਰਟੀ ਉਨ੍ਹਾਂ ਖ਼ਿਲਾਫ਼ ਇਸ ਤੋਂ ਸਖ਼ਤ ਕਾਰਵਾਈ ਕਰੇਗੀ। ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਬੀਬੀ ਜਗੀਰ ਕੌਰ ਨੇ ਪਾਰਟੀ ਫ਼ੈਸਲੇ ਤੋਂ ਬਾਹਰ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਉਨ੍ਹਾਂ ਨੂੰ ਮਨਾਉਣ ਦੇ ਯਤਨ ਵੀ ਕੀਤੇ ਪਰ ਉਨ੍ਹਾਂ ਆਪਣੇ ਫ਼ੈਸਲੇ ’ਤੇ ਕਾਇਮ ਰਹਿਣ ਦਾ ਐਲਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਅੱਜ ਪਾਰਟੀ ਦੇ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ।