ਤਿੰਨ ਸਾਲਾਂ ਬਾਅਦ ਭਾਰਤ ਪਰਤੇਗੀ ਪ੍ਰਿਅੰਕਾ

ਅਦਾਕਾਰਾ ਪ੍ਰਿਅੰਕਾ ਚੋਪੜਾ ਅਮਰੀਕੀ ਗਾਇਕ ਨਿਕ ਜੋਨਾਸ ਨਾਲ ਵਿਆਹ ਤੋਂ ਬਾਅਦ ਵਿਦੇਸ਼ ‘ਚ ਸੈਟਲ ਹੋ ਗਈ ਹੈ। ਸੱਤ ਸਮੁੰਦਰ ਪਾਰ ਵੀ ਪ੍ਰਿਅੰਕਾ ਆਪਣੇ ਦੇਸੀ ਅੰਦਾਜ਼ ਨੂੰ ਕਦੇ ਨਹੀਂ ਭੁੱਲਦੀ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ ਤਿੰਨ ਸਾਲ ਪਹਿਲਾਂ ਪਤੀ ਨਿਕ ਜੋਨਾਸ ਨਾਲ ਭਾਰਤ ਗਈ ਸੀ।
ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਦੇ ਭਾਰਤ ਵਿਚਲੇ ਪ੍ਰਸ਼ੰਸਕਾਂ ਲਈ ਇਕ ਵਾਰ ਫ਼ਿਰ ਖ਼ੁਸ਼ਖਬਰੀ ਹੈ। ਉਹ ਇਕ ਵਾਰ ਫ਼ਿਰ ਆਪਣੇ ਪਰਿਵਾਰ ਨਾਲ ਭਾਰਤ ਜਾ ਰਹੀ ਹੈ। ਪ੍ਰਿਅੰਕਾ ਦਾ ਇਹ ਦੌਰ ਇਸ ਲਈ ਵੀ ਖ਼ਾਸ ਹੈ ਕਿਉਂਕਿ ਉਹ ਆਪਣੀ ਧੀ ਮੈਰੀ ਮਾਲਤੀ ਨਾਲ ਪਹਿਲੀ ਵਾਰ ਭਾਰਤ ਜਾ ਰਹੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਘਰ ਵਾਪਸੀ ਦੀ ਖ਼ੁਸ਼ੀ ਸਾਂਝੀ ਕੀਤੀ।
ਪ੍ਰਿਅੰਕਾ ਚੋਪੜਾ ਨੇ ਆਪਣੀ ਇਨਸਟਾ ਸਟੋਰੀ ‘ਤੇ ਇਕ ਤਸਵੀਰ ਸਾਂਝੀ ਕੀਤੀ ਜਿਸ ‘ਚ ਉਸ ਦੇ ਬੋਰਡਿੰਗ ਪਾਸ ਦੀ ਝਲਕ ਦੇਖੀ ਜਾ ਸਕਦੀ ਹੈ। ਬੋਰਡਿੰਗ ਪਾਸ ਦੀ ਤਸਵੀਰ ਸਾਂਝੀ ਕਰਦਿਆਂ ਪ੍ਰਿਅੰਕਾ ਨੇ ਲਿਖਿਆ, ”ਆਖਿਰਕਾਰ ਘਰ ਜਾ ਰਹੀ ਹਾਂ। ਤਕਰੀਬਨ ਤਿੰਨ ਸਾਲਾਂ ਬਾਅਦ।”
ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਦੇ ਇਸ ਸਾਲ ਅਪ੍ਰੈਲ ‘ਚ ਭਾਰਤ ਜਾਣ ਦੀ ਉਮੀਦ ਸੀ। ਉਸ ਨੇ ਅਪ੍ਰੈਲ ‘ਚ ਟ੍ਰੈਵਲ + ਲੀਯਰ ਪ੍ਰੋਗਰਾਮ ਨੂੰ ਦੱਸਿਆ, ”ਮੇਰਾ ਮਨ ਹਰ ਰਾਤ ਛੁੱਟੀਆਂ ‘ਤੇ ਜਾਂਦਾ ਹੈ, ਪਰ ਮੈਂ ਭਾਰਤ ਵਾਪਿਸ ਜਾਣ ਲਈ ਮਰ ਰਹੀ ਹਾਂ। ਭਾਰਤ ਦੇ ਹਰ ਸ਼ਹਿਰ ‘ਚ ਦੀ ਆਪਣੀ ਲਿਖਤੀ ਅਤੇ ਬੋਲੀ ਜਾਣ ਵਾਲੀ ਭਾਸ਼ਾ ਹੈ ਜਿਸ ਦਾ ਅਰਥ ਵੱਖ-ਵੱਖ ਅੱਖਰ, ਕੱਪੜੇ, ਪਹਿਰਾਵੇ, ਭੋਜਨ ਅਤੇ ਛੁੱਟੀਆਂ ਹਨ। ਇਸ ਲਈ ਜਦੋਂ ਵੀ ਤੁਸੀਂ ਸਰਹੱਦ ਪਾਰ ਕਰ ਕੇ ਭਾਰਤ ਜਾਂਦੇ ਹੋ ਤਾਂ ਇਹ ਇਕ ਨਵੇਂ ਦੇਸ਼ ‘ਚ ਜਾਣ ਵਾਂਗ ਹੁੰਦਾ ਹੈ। ਹਰ ਵਾਰ ਜਦੋਂ ਮੈਂ ਘਰ ਵਾਪਿਸ ਜਾਂਦੀ ਹਾਂ, ਮੈਂ ਕੁਝ ਛੁੱਟੀਆਂ ਕਰਨ ਅਤੇ ਯਾਤਰਾ ਕਰਨ ਲਈ ਕੁਝ ਸਮਾਂ ਕੱਢਦੀ ਹਾਂ।”
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਪ੍ਰਿਅੰਕਾ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਉਹ ਸਾਲ 2019 ‘ਚ ਪਤੀ ਨਿਕ ਜੋਨਾਸ ਨਾਲ ਭਾਰਤ ਗਈ ਸੀ। ਪ੍ਰਿਅੰਕਾ ਨੇ 2018 ‘ਚ ਨਿਕ ਨਾਲ ਵਿਆਹ ਕੀਤਾ ਸੀ। ਇਸ ਸਾਲ ਜਨਵਰੀ ‘ਚ ਉਨ੍ਹਾਂ ਨੇ ਸਰੋਗੇਸੀ ਰਾਹੀਂ ਧੀ ਦਾ ਸੁਆਗਤ ਕੀਤਾ ਜਿਸ ਦਾ ਨਾਂ ਉਨ੍ਹਾਂ ਨੇ ਮਾਲਤੀ ਮੈਰੀ ਚੋਪੜਾ ਜੋਨਾਸ ਰੱਖਿਆ ਹੈ। ਹਾਲ ਹੀ ‘ਚ ਦੀਵਾਲੀ ਦੇ ਮੌਕੇ ‘ਤੇ ਉਸ ਨੇ ਆਪਣੀ ਬੱਚੀ ਨਾਲ ਉਸ ਦੀ ਪਹਿਲੀ ਦੀਵਾਲੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।