ਇੱਕ ਮਸਤ-ਮੌਲਾ, ਸ਼ਾਂਤੀ-ਪਸੰਦ, ਸਦਭਾਵਨਾ-ਚਾਹੁਣ ਵਾਲੇ ਇਨਸਾਨ ਹੋਣ ਦੇ ਬਾਵਜੂਦ … ਕਈ ਵਾਰ ਤੁਸੀਂ ਇੱਕ ਗਰਮ-ਦਿਮਾਗ਼ ਪੰਗੇਬਾਜ਼ ਦੀ ਵਧੀਆ ਨਕਲ ਕਰ ਲੈਂਦੇ ਹੋ! ਤੁਹਾਡੀ ਇਹ ਅਫ਼ਸੋਸਨਾਕ ਐਕਟਿੰਗ ਇਸ ਤੱਥ ਕਾਰਨ ਹੋਰ ਵੀ ਠੋਸ ਲੱਗਦੀ ਹੈ ਕਿ ਤੁਹਾਨੂੰ ਇਸ ਗੱਲ ਦਾ ਕੋਈ ਅਹਿਸਾਸ ਹੀ ਨਹੀਂ ਹੁੰਦਾ ਕਿ ਦੂਸਰੇ ਤੁਹਾਨੂੰ ਇੰਝ ਦੇਖ ਕੇ ਤੁਹਾਡੇ ਬਾਰੇ ਕੀ ਸੋਚਦੇ ਨੇ। ਤੁਸੀਂ ਮੱਧਮ ਜਿਹੀ ਘੁਸਰ-ਮੁਸਰ ਕਰਦੇ ਹੋ, ਅਤੇ ਦੂਸਰਿਆਂ ਨੂੰ ਇੱਕ ਡਰਾਉਣੀ ਦਹਾੜ ਸੁਣਾਈ ਦਿੰਦੀ ਹੈ। ਇਹ ਪੱਕਾ ਕਰੋ ਕਿ ਤੁਹਾਨੂੰ ਇਸ ਗੱਲ ਦੀ ਚੰਗੀ ਸਮਝ ਹੋਵੇ ਕਿ ਤੁਹਾਡਾ ਅੰਦਰੂਨੀ ਵੌਲੀਊਮ ਕੰਟਰੋਲ ਸੱਚਮੁੱਚ ਕਿਵੇਂ ਕੰਮ ਕਰ ਰਿਹੈ … ਅਤੇ ਫ਼ਿਰ ਤੁਹਾਡੀ ਭਾਵਨਾਤਮਕ ਕਹਾਣੀ ਦਾ ਅਗਲਾ ਪੜਾਅ ਬਹੁਤ ਸੁਆਦਲਾ ਅਤੇ ਮਜ਼ੇਦਾਰ ਹੋਵੇਗਾ।

ਇੱਕ ਸੌਦਾਗਰ ਬਣਨ ਲਈ ਤੁਹਾਨੂੰ ਇੱਕ ਵਪਾਰੀ ਹੋਣ ਦੀ ਲੋੜ ਨਹੀਂ ਪੈਂਦੀ। ਅਸੀਂ ਸਾਰੇ ਸੌਦੇਬਾਜ਼ੀਆਂ ਕਰ ਸਕਦੇ ਹਾਂ, ਹਰ ਵਕਤ। ਅਸੀਂ ਬਹਿਸ ਕਰਦੇ ਹਾਂ ਅਤੇ ਚਰਚਾ ਕਰਦੇ ਹਾਂ। ਅਸੀਂ ਇੱਥੇ ਥੋੜ੍ਹਾ ਮੰਨ ਜਾਂਦੇ ਹਾਂ ਅਤੇ ਉੱਥੇ ਥੌੜ੍ਹਾ ਅੜ ਜਾਂਦੇ ਹਾਂ। ਅਸੀਂ ਚੀਜ਼ਾਂ ਦਾ ਬੰਦੋਬਸਤ ਕਰਦੇ ਹਾਂ। ਅਸੀਂ ਸਮਝੌਤਿਆਂ ਅਤੇ ਸਹਿਮਤੀਆਂ ‘ਤੇ ਅੱਪੜਦੇ ਹਾਂ। ਕਈ ਵਾਰ ਨਤੀਜੇ ਗ਼ਲਤ ਵੀ ਨਿਕਲ ਆਉਂਦੇ ਨੇ; ਅਸੰਤੁਲਨ ਪੈਦਾ ਹੋ ਜਾਂਦੇ ਨੇ ਜਾਂ ਕੋਈ ਬੇਇਨਸਾਫ਼ੀ ਹੋ ਜਾਂਦੀ ਹੈ। ਤੁਹਾਨੂੰ ਪਤੈ ਕਿ ਇਸ ਵਕਤ ਕਿਹੜੀ ਸਹਿਮਤੀ ਨੇ ਅਸਹਿਮਤੀ ਨੂੰ ਜਨਮ ਦਿੱਤਾ ਹੈ। ਇਹ ਹੋ ਸਕਦੈ ਕਿ ਤੁਹਾਡੇ ਭਾਵਨਾਤਮਕ ਜੀਵਨ ਵਿਚਲਾ ਕੋਈ ਚਲੰਤ ਨਾਟਕ ਉਸ ਨੂੰ ਬਿਹਤਰ ਕਰਨ ਤੋਂ ਪਹਿਲਾਂ ਹੋਰ ਜ਼ਿਅਦਾ ਖ਼ਰਾਬ ਕਰ ਦੇਵੇ, ਪਰ ਇਸ ਗੱਲ ਦਾ ਵਿਸ਼ਵਾਸ ਰੱਖੋ ਕਿ ਉਹ ਉਸ ਨੂੰ ਬਿਹਤਰ ਬਣਾਉਣ ‘ਚ ਮਦਦ ਜ਼ਰੂਰ ਕਰੇਗਾ।

ਤੁਹਾਨੂੰ ਪਤੈ ਨਾ ਕਿ ਕਿਵੇਂ ਅਸੀਂ ਕਈ ਵਾਰ ਸੜਕ ਪਾਰ ਕਰ ਕੇ ਦੂਸਰੇ ਪਾਸੇ ਚਲੇ ਜਾਂਦੇ ਹਾਂ ਤਾਂ ਕਿ ਸਾਨੂੰ ਸਾਹਮਣਿਓਂ ਆ ਰਹੇ ਉਸ ਬੰਦੇ ਦੇ ਮੂੰਹ ਨਾ ਲੱਗਣਾ ਪਵੇ ਜਿਸ ਨਾਲ ਗੱਲ ਕਰਨਾ ਸਾਨੂੰ ਪਸੰਦ ਨਹੀਂ ਹੁੰਦਾ? ਜੇਕਰ, ਇੰਝ ਆਪਣਾ ਰਸਤਾ ਬਦਲ ਕੇ, ਅਸੀਂ ਸੜਕ ਦੇ ਗ਼ਲਤ ਪਾਸੇ ਚਲੇ ਗਏ ਹੋਈਏ ਤਾਂ ਕੀ ਹੋਵੇਗਾ? ਹੋ ਸਕਦੈ ਸਾਡੇ ਵਲੋਂ ਕੀਤੀ ਗਈ ਉਸ ਉਸਤਾਦੀ ਕਾਰਨ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਟੱਕਰਨੋਂ ਖੁੰਝ ਗਏ ਹੋਈਏ ਜਿਸ ਨੂੰ ਮਿਲਣਾ ਸਾਨੂੰ ਬਹੁਤ ਪਸੰਦ ਹੈ। ਮਸਤੀ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਅਚਾਨਕ ਕੀਤੀਆਂ ਗਈਆਂ ਤਬਦੀਲੀਆਂ ਅਕਸਰ ਬਹੁਤ ਹੀ ਵਧੀਆ ਨਤੀਜੇ ਦੇ ਜਾਂਦੀਆਂ ਹਨ। ਜਦੋਂ, ਪਰ, ਸਾਡੇ ਐਕਸ਼ਨ ਭੈਅ ‘ਚੋਂ ਪਨਪਦੇ ਨੇ, ਬਹੁਤ ਹੀ ਘੱਟ ਉਹ ਸਾਨੂੰ ਕਿਸੇ ਪਾਸੇ ਲਗਾਉਂਦੇ ਨੇ, ਅਤੇ ਕੇਵਲ ਬੇਚੈਨੀ ਜਾਂ ਵਿਰੋਧ ਦੀ ਭਾਵਨਾ ਪੈਦਾ ਕਰਦੇ ਹਨ। ਕਿਸੇ ਵੀ ਸ਼ੈਅ ਜਾਂ ਵਿਅਕਤੀ ਤੋਂ ਦੌੜੋ ਨਾ ਸਗੋਂ ਪੂਰੀ ਮੜਕ ਨਾਲ ਤੁਰੋ।

ਵਕੀਲਾਂ ਨੂੰ ਲਿਖਤੀ ਇਕਰਾਰਨਾਮਿਆਂ ਜਾਂ ਕੌਂਟ੍ਰੈਕਟਾਂ ਦੀ ਲੋੜ ਕਿਉਂ ਪੈਂਦੀ ਹੈ? ਕਿਉਂਕਿ ਜੇਕਰ ਸਮਝੌਤਿਆਂ ਦੀਆਂ ਸਤਰਾਂ ਨੂੰ ਸਾਵਧਾਨੀ ਨਾਲ ਪੇਚੀਦਾ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਸੰਭਾਵੀ ਤੌਰ ‘ਤੇ ਗੁਮਰਾਹਕੁਨ ਨਾ ਬਣਾਇਆ ਜਾਵੇ ਤਾਂ ਇਸ ਗੱਲ ਦਾ ਖ਼ਤਰਾ ਹੈ ਕਿ ਉਨ੍ਹਾਂ ਨੂੰ ਆਮ ਲੋਕਾਂ ਵਲੋਂ ਸਮਝਿਆ ਜਾ ਸਕਦੈ। ਇਸ ਨਾਲ ਸਾਰੀਆਂ ਧਿਰਾਂ ਨੂੰ ਆਪੋ-ਆਪਣੇ ਮਹਿੰਗੇ ਸਲਾਹਕਾਰ ਹਾਇਰ ਕਰਨ ਦੀ ਲੋੜ ਹੀ ਨਹੀਂ ਰਹੇਗੀ। ਜਾਂ, ਦੂਸਰੇ ਸ਼ਬਦਾਂ ‘ਚ, ਤੁਹਾਡਾ ਮੌਜੂਦਾ ਵੱਡਾ ਮਸਲਾ ਸਪੱਸ਼ਟ ਸੰਵਾਦ ਕਾਇਮ ਕਰਨ ਬਾਰੇ ਹੋਣਾ ਚਾਹੀਦਾ ਹੈ। ਪਰ, ਕਿਸੇ ਨਾ ਕਿਸੇ ਤਰ੍ਹਾਂ, ਤੁਹਾਡਾ ਸਾਰਾ ਜ਼ੋਰ ਇਸ ਦੇ ਬਿਲਕੁਲ ਉਲਟ ਲੱਗਾ ਹੋਇਐ। ਉਸ ਤੋਂ ਉੱਪਰ ਉੱਠ ਕੇ ਦੇਖੋ, ਅਤੇ ਤੁਹਾਨੂੰ ਇੱਕ ਸੱਚੀ, ਟਿਕਾਊ ਅਤੇ ਕੀਮਤੀ ਸਹਿਮਤੀ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।

ਜ਼ਰਾ ਸੋਚੋ ਜਨਤਕ ਨਿਗਾਹਾਂ ‘ਚ ਰਹਿਣ ਵਾਲੇ ਲੋਕਾਂ ਨੂੰ ਕਿੰਨੀ ਜ਼ਿਆਦਾ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈਂਦੈ। ਜਿਵੇਂ ਹੀ, ਇਸ ਸੰਸਾਰ ‘ਚ, ਕਦੇ ਵੀ ਕੋਈ ਕਿਸੇ ਚੀਜ਼ ਦੀ ਮਾੜੀ-ਮੋਟੀ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕਰਦੈ, ਕੋਈ ਨਾ ਕੋਈ, ਕਿਤੇ ਵੀ ਬੈਠਾ ਇਹ ਮਹਿਸੂਸ ਕਰ ਲੈਂਦੈ ਕਿ ਉਸ ਨੂੰ ਉਸ ਦੂਸਰੇ ਵਿਅਕਤੀ ਦੀ ਖ਼ਬਰ ਲੈਣ ਦਾ ਪੂਰਾ ਹੱਕ ਹੈ। ਜੇਕਰ ਤੁਸੀਂ ਟਾਰਗੈੱਟ ਬਣ ਕੇ ਫ਼ੁੰਡੇ ਨਹੀਂ ਜਾਣਾ ਚਾਹੁੰਦੇ ਤਾਂ ਆਪਣੀ ਮੂੰਡੀ ਇਸ ਵਕਤ ਬਨੇਰੇ ਤੋਂ ਹੇਠਾਂ ਰੱਖੋ। ਵਿਚਾਰਾਂ ਦੇ ਧਾਰਣੀ ਹੋਣ ਦਾ ਮਤਲਬ ਹੈ ਬਹਿਸ ਨੂੰ ਨਿਓਤਾ ਦੇਣਾ। ਟਿੱਪਣੀ ਕਰਨ ਦਾ ਅਰਥ ਹੈ ਜਵਾਬੀ ਬਿਆਨ ਨੂੰ ਸੱਦਾ ਦੇਣਾ। ਜੰਗਾਂ ‘ਚ ਓਦੋਂ ਤਕ ਨਾ ਪਵੋ ਜਦੋਂ ਤਕ, (ੳ) ਉਨ੍ਹਾਂ ਲਈ ਭਿੜਨ ਦਾ ਕੋਈ ਫ਼ਾਇਦਾ ਹੋਵੇ, ਅਤੇ (ਅ) ਤੁਹਾਨੂੰ ਪੱਕਾ ਯਕੀਨ ਹੋਵੇ ਕਿ ਉਸ ਤੋਂ ਛੁੱਟ ਹੋਰ ਕੋਈ ਚਾਰਾ ਨਹੀਂ।