ਅੱਲੂ ਅਰਜੁਨ ਨੇ ਪੁਸ਼ਪਾ: ਦਾ ਰੂਲ ਦੀ ਸ਼ੂਟਿੰਗ ਆਰੰਭੀ

ਸਾਊਥ ਦੀਆਂ ਫ਼ਿਲਮਾਂ ਦੇ ਸਿਤਾਰੇ ਅੱਲੂ ਅਰਜੁਨ ਨੇ ਐਕਸ਼ਨ ਡਰਾਮਾ ਫ਼ਿਲਮ ਪੁਸ਼ਪਾ: ਦਾ ਰੂਲ ਦੀ ਸ਼ੂਟਿੰਗ ਆਰੰਭ ਦਿੱਤੀ ਹੈ। ਫ਼ਿਲਮ ਦੇ ਸਿਨਮੈਟੋਗ੍ਰਾਫ਼ਰ ਕੁਬਾ ਬ੍ਰੋਜ਼ੇਕ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਅਦਾਕਾਰ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਕੁਬਾ ਵਲੋਂ ਸਾਂਝੀ ਕੀਤੀ ਗਈ ਤਸਵੀਰ ‘ਚ ਅੱਲੂ ਅਰਜੁਨ ਦਾੜ੍ਹੀ ‘ਚ ਦਿਖਾਈ ਦੇ ਰਿਹਾ ਹੈ, ਅਤੇ ਉਸ ਨੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਲੜੀ ਦੀ ਪਹਿਲੀ ਫ਼ਿਲਮ ਪੁਸ਼ਪਾ: ਦਾ ਰਾਈਜ਼ ਨੂੰ ਦਰਸ਼ਕਾਂ ਨੇ ਕਾਫ਼ੀ ਪਿਆਰ ਦਿੱਤਾ ਸੀ ਅਤੇ ਹੁਣ ਫ਼ਿਲਮ ਦਾ ਅਗਲਾ ਭਾਗ ਤਿਆਰ ਹੋਣ ਦੀ ਮਿਲੀ ਖ਼ਬਰ ਮਗਰੋਂ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਕੁਬਾ ਦੀ ਪੋਸਟਾਂ ‘ਚ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਅਗਸਤ ਮਹੀਨੇ ‘ਚ ਫ਼ਿਲਮ ਦੇ ਨਿਰਮਾਤਾਵਾਂ ਵਲੋਂ ਫ਼ਿਲਮ ਦੀ ਸ਼ੂਟਿੰਗ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦੀ ਸੂਚਨਾ ਦਿੱਤੀ ਗਈ ਸੀ। ਫ਼ਿਲਮ ਦੇ ਪਹਿਲੇ ਭਾਗ ਦਾ ਨਿਰਦੇਸ਼ਨ ਸੁਕੁਮਾਰ ਵਲੋਂ ਕੀਤਾ ਗਿਆ ਸੀ ਜੋ ਪਿਛਲੇ ਸਾਲ 17 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕੀਤੀ ਗਈ ਸੀ। ਹਾਲਾਂਕਿ ਪੁਸ਼ਪਾ: ਦਾ ਰੂਲ ਨੂੰ ਰਿਲੀਜ਼ ਕਰਨ ਸਬੰਧੀ ਹਾਲੇ ਨਿਰਮਾਤਾਵਾਂ ਵਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।