ED ਨੇ ਮਨੀ ਲਾਂਡਰਿੰਗ ਮਾਮਲੇ ‘ਚ ਝਾਰਖੰਡ ਦੇ CM ਸੋਰੇਨ ਨੂੰ ਸੰਮਨ ਕੀਤਾ ਜਾਰੀ

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਝਾਰਖੰਡ ‘ਚ ਗੈਰ-ਕਾਨੂੰਨੀ ਖਨਨ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ ਸੂਬੇ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ 3 ਨਵੰਬਰ ਨੂੰ ਪੁੱਛ-ਗਿੱਛ ਲਈ ਸੰਮਨ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਰੇਨ (47) ਤੋਂ ਵੀਰਵਾਰ ਨੂੰ ਸੂਬੇ ਦੀ ਰਾਜਧਾਨੀ ਰਾਂਚੀ ‘ਚ ਈ.ਡੀ. ਦੇ ਖੇਤਰੀ ਦਫ਼ਤਰ ‘ਚ ਉਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਅਧੀਨ ਸੋਰੇਨ ਤੋਂ ਪੁੱਛ-ਗਿੱਛ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਦਾ ਬਿਆਨ ਦਰਜ ਕਰਨਾ ਚਾਹੁੰਦੀ ਹੈ। ਈ.ਡੀ. ਨੇ ਇਸ ਤੋਂ ਪਹਿਲਾਂ ਸੋਰੇਨ ਦੇ ਰਾਜਨੀਤਕ ਸਹਿਯੋਗੀ ਪੰਕਜ ਮਿਸ਼ਰਾ ਅਤੇ 2 ਹੋਰ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨੇ ਕਿਹਾ ਹੈ ਕਿ ਉਸ ਨੇ ਇਹ ਪਤਾ ਕਰ ਲਿਆ ਹੈ ਕਿ ਸੂਬੇ ‘ਚ ਗੈਰ-ਕਾਨੂੰਨੀ ਖਨਨ ਨਾਲ ਸੰਬੰਧਤ ਅਪਰਾਧਾਂ ਤੋਂ ਮਿਲੇ ਪੈਸਿਆਂ ਦਾ ਲੈਣ-ਦੇਣ ਕਿਹੜੇ ਮਾਧਿਅਮ ਨਾਲ ਕੀਤਾ ਗਿਆ। ਈ.ਡੀ. ਨੇ ਗੈਰ-ਕਾਨੂੰਨੀ ਖਨਨ ਅਤੇ ਜ਼ਬਰਨ ਵਸੂਲੀ ਦੀਆਂ ਘਟਨਾਵਾਂ ਨਾਲ ਜੁੜੇ ਮਾਮਲੇ ‘ਚ 8 ਜੁਲਾਈ ਨੂੰ ਮਿਸ਼ਰਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੇ ਕੰਪਲੈਕਸਾਂ ‘ਤੇ ਛਾਪਾ ਮਾਰਿਆ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ।