ਇਸਲਾਮਾਬਾਦ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਦੇ ਐਗਰੀਕਲਚਰ ਦੇ ਖੇਤਰ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕਿਸਾਨਾਂ ਦੀ ਮਦਦ ਲਈ ਵਿੱਤੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ। ਇਸਲਾਮਾਬਾਦ ਵਿਚ ਇਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਸਾਲ ਕਿਸਾਨਾਂ ਨੂੰ 1.8 ਟ੍ਰਿਲੀਅਨ ਪੀਕੇਆਰ (8.1 ਬਿਲੀਅਨ ਡਾਲਰ) ਦਾ ਕਰਜ਼ਾ ਦੇਵੇਗੀ, ਜੋ ਕਿ 2021 ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਹੈ।
ਸ਼ਰੀਫ ਨੇ ਕਿਹਾ ਕਿ ਇਹ ਪੈਕੇਜ ਦੇਸ਼ ਵਿਚ ਆਏ ਵਿਨਾਸ਼ਕਾਰੀ ਹੜ੍ਹ ਤੋਂ ਬਾਅਦ ਕਿਸਾਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਵਿਚ ਮਦਦ ਕਰੇਗਾ, ਜਿਸਨੇ ਹਜ਼ਾਰਾਂ ਏਕੜ ਦੀ ਫਸਲ ਨੂੰ ਤਬਾਹ ਕਰ ਦਿੱਤਾ ਅਤੇ 10 ਲੱਖ ਤੋਂ ਜ਼ਿਆਦਾ ਪਸ਼ੁਆਂ ਨੂੰ ਮਾਰ ਦਿੱਤਾ। ਪੈਕੇਜ ਮੁਤਾਬਕ ਸਰਕਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਛੋਟੇ-ਛੋਟੇ ਕਿਸਾਨਾਂ ਦੇ ਨਾਲ-ਨਾਲ ਪੇਸ਼ੇਵਰ ਕਿਸਾਨ ਬਣਨ ਦੇ ਚਾਹਵਾਨ ਨੌਜਵਾਨਾਂ ਨੂੰ ਰਿਆਇਤੀ ਦਰਾਂ ’ਤੇ ਕਰਜ਼ਾ ਪ੍ਰਦਾਨ ਕਰੇਗੀ।